ਸਮੱਗਲਰ ਸੋਨੂੰ ਦੇ ਗੋਦਾਮ ''ਚ ਪੁਲਸ ਦੀ ਰੇਡ, 215 ਪੇਟੀਆਂ ਸ਼ਰਾਬ ਬਰਾਮਦ

10/22/2019 3:46:27 PM

ਜਲੰਧਰ (ਮ੍ਰਿਦੁਲ)-ਥਾਣਾ ਰਾਮਾ ਮੰਡੀ ਪੁਲਸ ਨੇ ਸ਼ਹਿਰ ਦੇ ਮਸ਼ਹੂਰ ਸਮੱਗਲਰ ਸੋਨੂੰ ਦੇ ਗੋਦਾਮ 'ਚ ਰੇਡ ਕਰਕੇ 215 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਮੌਕੇ 'ਤੇ ਸੋਨੂੰ ਖੁਦ ਮੌਜੂਦ ਨਹੀਂ ਸੀ ਪਰ ਉਸ ਦੇ ਕਰਿੰਦੇ ਸ਼ਰਾਬ ਟਰੱਕ ਵਿਚ ਭਰ ਰਹੇ ਸਨ। ਪੁਲਸ ਨੂੰ ਵੇਖ ਕੇ ਬਾਕੀ ਕਰਿੰਦੇ ਤਾਂ ਭੱਜ ਗਏ ਪਰ 2 ਕਰਿੰਦਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਦੀ ਸੁਪਰਵੀਜ਼ਨ 'ਚ ਐੱਸ. ਐੱਚ. ਓ. ਰਾਮਾ ਮੰਡੀ ਸੁਲੱਖਣ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੇ. ਕੇ. ਢਾਬੇ ਵਾਲੀ ਗਲੀ 'ਚ ਅਮਨ ਨਗਰ ਦੇ ਰਹਿਣ ਵਾਲੇ ਮਸ਼ਹੂਰ ਸਮੱਗਲਰ ਅਰਵਿੰਦ ਕੁਮਾਰ ਉਰਫ ਸੋਨੂੰ ਦੇ ਬਣੇ ਗੋਦਾਮ 'ਚ ਚੰਡੀਗੜ੍ਹ ਤੋਂ ਸਪਲਾਈ ਹੋਈ ਸ਼ਰਾਬ ਦਾ ਵੱਡਾ ਕੰਸਾਈਨਮੈਂਟ ਉਤਰਿਆ ਹੈ। ਏ. ਐੱਸ. ਆਈ. ਬਰਜਿੰਦਰ ਕੁਮਾਰ ਅਤੇ ਹੋਰ ਮੁਲਾਜ਼ਮਾਂ ਦੀ ਟੀਮ ਨੇ ਗੋਦਾਮ 'ਚ ਰੇਡ ਕੀਤੀ ਅਤੇ ਸ਼ਰਾਬ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ। ਫੜੇ ਗਏ ਕਰਿੰਦਿਆਂ ਦੀ ਪਛਾਣ ਅਮਨ ਨਗਰ ਦੇ ਰਾਕੇਸ਼ ਕਾਲੀਆ ਅਤੇ ਮੂਲ ਤੌਰ 'ਤੇ ਯੂ. ਪੀ. ਦੇ ਰਹਿਣ ਵਾਲੇ ਪਵਨ ਭਾਰਦਵਾਜ ਦੇ ਤੌਰ 'ਤੇ ਹੋਈ ਹੈ।

ਅਮੀਰ ਹੋਣ ਦਾ ਲਾਲਚ ਦੇ ਕੇ ਨੌਜਵਾਨ ਨੂੰ ਸੋਨੂੰ ਨੇ ਬਣਾਇਆ ਆਪਣਾ ਕਰਿੰਦਾ
ਮੌਕੇ ਤੋਂ ਗ੍ਰਿਫਤਾਰ ਕਰਿੰਦੇ ਪਵਨ ਭਾਰਦਵਾਜ ਨੇ ਦੱਸਿਆ ਕਿ ਉਸ ਦੀ ਉਮਰ ਸਿਰਫ 20 ਸਾਲ ਹੈ ਅਤੇ ਉਹ ਕਾਫੀ ਸਮੇਂ ਤੋਂ ਸੋਨੂੰ ਦੇ ਗੋਦਾਮ ਵਿਚ ਕੰਮ ਕਰ ਰਿਹਾ ਹੈ। ਸੋਨੂੰ ਨੇ ਉਸ ਨੂੰ ਜਲਦੀ ਅਮੀਰ ਹੋਣ ਦਾ ਸੁਪਨਾ ਵਿਖਾ ਕੇ 10 ਹਜ਼ਾਰ ਰੁਪਏ ਮਹੀਨੇ 'ਤੇ ਗਾਹਕਾਂ ਨੂੰ ਸ਼ਰਾਬ ਦੇਣ ਲਈ ਰੱਖ ਲਿਆ। ਉਹ ਉਸ ਨੂੰ ਉੱਪਰੋਂ ਵੀ ਕਾਫੀ ਪੈਸੇ ਦਿੰਦਾ ਸੀ। ਪਵਨ 'ਤੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ, ਜਦੋਂਕਿ ਕਾਬੂ ਕੀਤੇ ਦੂਜੇ ਕਰਿੰਦੇ ਰਾਕੇਸ਼ ਕਾਲੀਆ 'ਤੇ ਸ਼ਰਾਬ ਸਮੱਗਲਿੰਗ ਦੇ 4 ਮਾਮਲੇ ਦਰਜ ਹਨ। ਉਹ ਵੀ 10 ਹਜ਼ਾਰ ਰੁਪਏ ਦੀ ਤਨਖਾਹ 'ਤੇ ਕੰਮ ਕਰਦਾ ਸੀ।

ਪੁਲਸ ਜਾਂਚ 'ਚ ਸੋਨੂੰ ਦੇ ਦੋ ਪਾਰਟਨਰਾਂ ਦਾ ਵੀ ਸਾਹਮਣੇ ਆ ਰਿਹਾ ਨਾਂ, ਕਾਂਗਰਸ ਦਾ ਇਕ ਲੀਡਰ ਕਰ ਰਿਹਾ ਸਪੋਰਟ
ਦੂਜੇ ਪਾਸੇ ਪੁਲਸ ਸੂਤਰਾਂ ਦੀ ਮੰਨੀਏ ਤਾਂ ਸ਼ਰਾਬ ਸਮੱਗਲਰ ਸੋਨੂੰ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ ਕੁਝ ਮਾਮਲਿਆਂ ਵਿਚ ਉਹ ਬਰੀ ਅਤੇ ਕੁਝ ਕੋਰਟ ਵਿਚ ਵਿਚਾਰ ਅਧੀਨ ਹਨ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦਰ ਕੁਮਾਰ ਸੋਨੂੰ ਦੀ ਕਾਂਗਰਸ ਦੇ ਲੀਡਰਾਂ ਨਾਲ ਕਾਫੀ ਜਾਣ-ਪਛਾਣ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਇਕ ਪੱਗੜੀਧਾਰੀ ਕਾਂਗਰਸੀ ਲੀਡਰ ਸੋਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਦੇ 2 ਪਾਰਟਨਰਾਂ ਦਾ ਵੀ ਫੜੀ ਗਈ ਸ਼ਰਾਬ 'ਚ ਹਿੱਸਾ ਹੈ।

shivani attri

This news is Content Editor shivani attri