ਭੋਗਪੁਰ ''ਚ ਪੁਲਸ ਦੀ ਛਾਪੇਮਾਰੀ, 2 ਗੋਦਾਮਾਂ ''ਚ ਪਟਾਕੇ ਬਰਾਮਦ

10/14/2019 12:33:13 AM

ਭੋਗਪੁਰ,(ਸੂਰੀ)- ਸਰਕਾਰ ਵੱਲੋਂ ਪੰਜਾਬ ਵਿਚ ਬਿਨ੍ਹਾਂ ਲਾਇਸੰਸ ਪਟਾਕੇ ਵੇਚਣ ਤੇ ਲਗਾਈ ਗਈ ਪਬੰਦੀ ਤੋਂ ਬਾਅਦ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਬਿਨ੍ਹਾਂ ਲਾਇਸੰਸ ਪਟਾਕੇ ਸਟਾਕ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਪੁਲਸ ਨੂੰ ਮਾਮਲੇ ਦਰਜ਼ ਕਰਨ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਤਹਿਤ ਸਬ ਡਵਿਜ਼ਨ ਆਦਮਪੁਰ ਦੇ ਏਐਸਪੀ ਅੰਕੁਰ ਗੁਪਤਾ ਵੱਲੋਂ ਇਲਾਕਾ ਮੈਜਿਸਟ੍ਰੇਟ ਉਂਕਾਰ ਸਿੰਘ ਦੀ ਹਾਜ਼ਰੀ ਵਿਚ ਭੋਗਪੁਰ ਦੇ ਵੱਖ ਵੱਖ ਪਟਾਕਾ ਹੋਲਸੇਲਰਾਂ ਦੇ ਗੋਦਾਮਾਂ ਵਿਚ ਛਾਪੇ ਮਾਰ ਕੇ ਪਟਾਕੇ ਬਰਾਮਦ ਕਰਨ ਉਪਰੰਤ ਥਾਣਾ ਭੋਗਪੁਰ ਵਿਚ ਦੋ ਦੁਕਾਨਦਾਰਾਂ ਖਿਲਾਫ ਮਾਮਲੇ ਦਰਜ਼ ਕੀਤੇ ਗਏ ਹਨ। ਏ.ਐਸ.ਪੀ. ਅੰਕੁਰ ਗੁਪਤਾ ਅੱਜ ਥਾਣਾ ਭੋਗਪੁਰ ਵਿਚ ਪੁੱਜੇ ਅਤੇ ਉਨ੍ਹਾਂ ਨਾਲ ਇਲਾਕਾ ਮੈਜਿਸਟ੍ਰੇਟ (ਨਾਇਬ ਤਹਿਸੀਲਦਾਰ) ਉਂਕਾਰ ਸਿੰਘ ਵੀ ਥਾਣਾ ਭੋਗਪੁਰ ਪੁੱਜੇ ਉਨ੍ਹਾਂ ਥਾਣਾ ਮੁੱਖੀ ਨਰੇਸ਼ ਜੋਸ਼ੀ ਅਤੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਨਾਲ ਲੈ ਕੇ ਭੋਗਪੁਰ ਸ਼ਹਿਰ ਦੇ ਕਰਿਆਲਾ ਵਪਾਰੀ ਵੇਦ ਪ੍ਰਕਾਸ਼ ਦੀ ਦੁਕਾਨ ਦੀ ਤਲਾਸ਼ੀ ਲਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੁਕਾਨ ਮਾਲਕ ਦੇ ਦੁਕਾਨ ਪਿੱਛੇ ਬਣੇ ਗੁਦਾਮਾਂ ਦੀ ਵੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੇ ਇਕ ਗੋਦਾਮ ਵਿਚ ਪਟਾਕੇ ਬਰਾਮਦ ਕੀਤੇ। ਇਸ ਸਬੰਧੀ ਦੁਕਾਨ ਮਾਲਕ ਅਨਿਲ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਇਹ ਪਟਾਕੇ ਪਿਛਲੇ ਸਾਲ ਦੇ ਬਚੇ ਹੋਏ ਹਨ। ਉਹ ਇਸ ਵਾਰ ਪਟਾਕਿਆਂ ਦਾ ਕਾਰੋਬਾਰ ਨਹੀ ਕਰ ਰਹੇ ਹਨ। ਏਐਸਪੀ ਅਤੇ ਇਲਾਕਾ ਮੈਜਿਸਟ੍ਰੇਟ ਵੱਲੋਂ ਪਟਾਕਿਆਂ ਦੀ ਜਾਂਚ ਉਪਰੰਤ ਪੁਲਸ ਨੂੰ ਸਾਰਾ ਪਟਾਕਾ ਅਪਣੇ ਕਬਜ਼ੇ ਵਿਚ ਲੈ ਕੇ ਦੁਕਾਨਦਾਰ ਖਿਲਾਫ ਮਾਮਲਾ ਦਰਜ਼ ਕਰਨ ਦੇ ਆਦੇਸ਼ ਦਿੱਤੇ। ਇਸ ਟੀਮ ਵੱਲੋਂ ਉਕਤ ਦੁਕਾਨਦਾਰ ਦੇ ਕਈ ਗੁਦਾਮਾਂ ਦੀ ਤਲਾਸ਼ੀ ਕੀਤੀ ਗਈ ਪਰ ਹੋਰ ਕਿਸੇ ਗੁਦਾਮ ਵਿਚੋਂ ਪਟਾਕੇ ਬਰਾਮਦ ਨਹੀ ਹੋ ਸਕੇ। ਇਸ ਦੁਕਾਨਦਾਰ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਪੁਲਸ ਵੱਲੋਂ ਬਜ਼ਾਰ ਵਿਚ ਇਕ ਹੋਰ ਦੁਕਾਨ ਦੀ ਤਲਾਸ਼ੀ ਲਈ ਗਈ ਪਰ ਦੁਕਾਨ ਵਿਚੋਂ ਪਟਾਕੇ ਬਰਾਮਦ ਨਹੀ ਹੋਏ। ਪੁਲਸ ਨੇ ਖੁਫੀਆ ਜਾਣਕਾਰੀ ਤਹਿਤ ਦਾਣਾ ਮੰਡੀ ਭੋਗਪੁਰ ਦੇ ਇਕ ਬੰਦ ਦੁਕਾਨ ਤੇ ਛਾਪਾ ਮਾਰਿਆ। ਦੁਕਾਨ ਨੂੰ ਤਾਲੇ ਲੱਗੇ ਹੋਣ ਕਾਰਨ ਪੁਲਸ ਵੱਲੋਂ ਕਿਸੇ ਢੰਗ ਲਾਲ ਦੁਕਾਨ ਖੁਲਵਾਈ ਗਈ ਅਤੇ ਦੁਕਾਨ ਵਿਚੋਂ 135 ਪੇਟੀਆਂ ਜਿਨ੍ਹਾਂ ਵਿਚ ਬੱਚਿਆਂ ਵੱਲੋਂ ਜ਼ਮੀਨ ਤੇ ਮਾਰ ਕੇ ਚਲਾਏ ਜਾਂਦੇ ਚਲਾਏ ਜਾਂਦੇ ਪੋਪ ਪੋਪ (ਗੰਡੇ) ਸਨ। ਪੁਲਸ ਵੱਲੋਂ ਇਨ੍ਹਾਂ ਪਟਾਕਿਆਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ਰੂ ਕਰ ਦਿੱਤੀ ਹੈ। ਖਬਰ ਲਿੱਖੇ ਜਾਣ ਤੱਕ ਪੁਲਸ ਵੱਲੋਂ ਇਸ ਗੁਦਾਮ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਸੀ।

Bharat Thapa

This news is Content Editor Bharat Thapa