ਬੇਖੌਫ ਲੁਟੇਰੇ, ਦਿਨ ਸਮੇਂ ਪੁਲਸ ਅਧਿਕਾਰੀਆਂ ਦੀ ਚੱਲੀ ਚੈਕਿੰਗ, ਰਾਤ ਨੂੰ 4 ਦੁਕਾਨਾਂ ਤੋਂ ਲੱਖਾਂ ਦੀ ਚੋਰੀ

07/29/2021 5:09:49 PM

ਜਲੰਧਰ (ਵਰੁਣ)– ਸ਼ਹਿਰ ਵਿਚ ਲਗਾਤਾਰ ਕ੍ਰਾਈਮ ਦਾ ਗ੍ਰਾਫ਼ ਵਧਦਾ ਜਾ ਰਿਹਾ ਹੈ। ਚੋਰਾਂ ਦੇ ਮਨ ਵਿਚ ਪੁਲਸ ਦਾ ਡਰ ਤੱਕ ਨਹੀਂ ਰਿਹਾ। ਦਿਨ ਸਮੇਂ ਜਿਥੇ ਪੁਲਸ ਅਧਿਕਾਰੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਚੈਕਿੰਗ ਕਰਦੇ ਰਹੇ ਤਾਂ ਦੂਜੇ ਪਾਸੇ ਰਾਤ ਦੇ ਹਨੇਰੇ ਵਿਚ ਚੋਰਾਂ ਨੇ ਪੁਲਸ ਦੇ ਅਲਰਟ ਨੂੰ ਅੰਗੂਠਾ ਦਿਖਾਉਂਦਿਆਂ ਬਸਤੀ ਅੱਡਾ ਚੌਕ ’ਤੇ ਨਾਲ-ਨਾਲ 4 ਹਾਰਡਵੇਅਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਲਿਆ। ਚੋਰਾਂ ਨੇ ਦੁਕਾਨਾਂ ਵਿਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਜਿਸ ਰਸਤਿਓਂ ਉਹ ਆਏ ਸਨ, ਉਸੇ ਰਸਤਿਓਂ ਫ਼ਰਾਰ ਹੋ ਗਏ, ਹਾਲਾਂਕਿ 2 ਚੋਰ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੇ ਹਨ, ਜਿਸ ਦੇ ਆਧਾਰ ’ਤੇ ਪੁਲਸ ਨੇ ਚੋਰਾਂ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ, ਬੇਕਾਬੂ ਹੋਈ ਭੀੜ ਨੇ ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ (ਤਸਵੀਰਾਂ)

ਬਸਤੀ ਅੱਡਾ ਚੌਕ ਤੋਂ ਬਾਂਸਾਂ ਵਾਲੇ ਬਾਜ਼ਾਰ ਜਾਂਦੀ ਰੋਡ ’ਤੇ ਸਥਿਤ ਲੱਦਾ ਸਿੰਘ ਸਤਨਾਮ ਸਿੰਘ ਐਂਡ ਸਨਜ਼ ਨਾਮਕ ਹਾਰਡਵੇਅਰ ਦੀ ਦੁਕਾਨ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ 9.30 ਵਜੇ ਜਦੋਂ ਉਹ ਦੁਕਾਨ ’ਤੇ ਆਏ ਅਤੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਵੇਖਿਆ ਤਾਂ ਗੱਲਾ ਟੁੱਟਿਆ ਹੋਇਆ ਸੀ। ਬੈਂਕ ਦੇ ਵਾਊਚਰ ਕਾਊਂਟਰ ’ਤੇ ਪਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ 2 ਰਸਤੇ ਹਨ। ਇਕ ਰਸਤਾ ਬੈਕਸਾਈਡ ’ਤੇ ਚੱਢਾ ਮਾਰਕੀਟ ਵੱਲ ਲੱਗਦਾ ਹੈ, ਜਿਥੋਂ ਚੋਰ ਸ਼ਟਰ ਤੋੜ ਕੇ ਅੰਦਰ ਵੜੇ ਅਤੇ ਗੱਲੇ ਵਿਚੋਂ ਲਗਭਗ ਸਵਾ ਲੱਖ ਰੁਪਏ ਚੋਰੀ ਕਰ ਕੇ ਲੈ ਗਏ।

ਉਨ੍ਹਾਂ ਕਿਹਾ ਕਿ ਚੋਰੀ ਹੋਈ ਨਕਦੀ ਬੁੱਧਵਾਰ ਸਵੇਰੇ ਬੈਂਕ ਵਿਚ ਜਮ੍ਹਾ ਕਰਵਾਉਣੀ ਸੀ। ਇਸ ਤਰ੍ਹਾਂ ਚੋਰਾਂ ਨੇ ਨਾਲ ਲੱਗਦੀ ਚੱਢਾ ਹਾਰਡਵੇਅਰ ਦੁਕਾਨ ਦੀ ਛੱਤ ਤੋਂ ਅੰਦਰ ਵੜ ਕੇ ਗੱਲੇ ਵਿਚੋਂ 5 ਹਜ਼ਾਰ ਰੁਪਏ ਚੋਰੀ ਕਰ ਲਏ। ਦੁਕਾਨ ਮਾਲਕ ਸੁਮਿਤ ਚੱਢਾ ਨੇ ਦੱਸਿਆ ਕਿ ਦੁਕਾਨ ਵਿਚੋਂ ਕੋਈ ਹੋਰ ਸਾਮਾਨ ਗਾਇਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚੋਰ ਦੁਕਾਨ ਦੇ ਪਿੱਛੇ ਸਥਿਤ ਹੋਟਲ ਦੇ ਰਸਤਿਓਂ ਅੰਦਰ ਵੜੇ ਸਨ।

ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਚੋਣ ਪ੍ਰਚਾਰ ਲਈ ਤਾਂ ਹੀ ਜਾਵਾਂਗੇ ਜਦੋਂ ਸਾਰੇ ਵਾਅਦੇ ਹੋਣਗੇ ਪੂਰੇ


ਚੋਰਾਂ ਨੇ ਲੱਦਾ ਸਿੰਘ ਕਸ਼ਮੀਰਾ ਸਿੰਘ ਐਂਡ ਸਨਜ਼ ਅਤੇ ਰਾਮ ਸਿੰਘ ਐਂਡ ਸਨਜ਼ ਨਾਮਕ ਦੁਕਾਨਾਂ ਵਿਚ ਵੀ ਵੜ ਕੇ ਇਕ ਵਿਚੋਂ 2 ਹਜ਼ਾਰ ਰੁਪਏ ਅਤੇ ਦੂਜੀ ਦੁਕਾਨ ਵਿਚੋਂ ਗੱਲਾ ਤੋੜ ਕੇ ਖੁੱਲ੍ਹੇ ਪੈਸੇ ਕੱਢੇ ਅਤੇ ਬੜੇ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਦੁਕਾਨਦਾਰਾਂ ਨੇ ਦੱਸਿਆ ਕਿ ਇਹ ਵਾਰਦਾਤ ਰਾਤ ਢਾਈ ਵਜੇ ਦੇ ਨੇੜੇ-ਤੇੜੇ ਹੋਈ ਹੈ। 2 ਚੋਰਾਂ ਦੇ ਚਿਹਰੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਏ ਚੋਰਾਂ ਦੀ ਫੁਟੇਜ ਕਢਵਾ ਕੇ ਉਨ੍ਹਾਂ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਿੱਲੀ ਵਿਖੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਨਾਲ ਕੀਤੀ ਮੁਲਾਕਾਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri