ਨਸ਼ੇ ਨਾਲ ਮਰੇ ਮੁੰਡੇ ਦਾ ਮਾਮਲਾ ਗਰਮਾਇਆ, ਸਿਵਲ ਵਰਦੀ 'ਚ ਆਏ ਮੁਲਾਜ਼ਮਾਂ ਨੇ ਮਾਂ ਤੋਂ ਕੋਰੇ ਕਾਗਜ਼ 'ਤੇ ਲਗਵਾਏ ਅੰਗੂਠੇ

06/05/2022 12:18:13 PM

ਗੁਰਾਇਆ(ਜ. ਬ.): ਪਿੰਡ ਧੁਲੇਤਾ ਵਿਖੇ ਸ਼ਨੀਵਾਰ ਨੂੰ ਮੁੜ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਿਵਲ ਵਰਦੀ ’ਚ ਆਏ ਪੁਲਸ ਮੁਲਾਜ਼ਮਾਂ ਵੱਲੋਂ ਨਸ਼ੇ ਕਾਰਨ ਮਰੇ ਮ੍ਰਿਤਕ ਸੰਨੀ ਦੇ ਘਰ ਜਾ ਕੇ ਉਸ ਦੀ ਮਾਤਾ ਕੋਲੋਂ ਕੋਰੇ ਪੇਪਰਾਂ ਉੱਪਰ ਅੰਗੂਠੇ ਲਵਾ ਲਏ, ਜਿਸ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮ੍ਰਿਤਕ ਸੰਨੀ ਦੀ ਮਾਤਾ ਆਸ਼ਾ ਰਾਣੀ ਪਤਨੀ ਪਾਲ ਰਾਮ ਨੇ ਦੱਸਿਆ ਕਿ ਸਿਵਲ ਵਰਦੀ ਵਿਚ ਪੁਲਸ ਦੇ ਦੋ ਮੁਲਾਜ਼ਮ ਆਏ ਸਨ ਅਤੇ ਉਸ ਨੂੰ ਕਾਗਜ਼ਾਂ ਉੱਪਰ ਅੰਗੂਠਾ ਲਾਉਣ ਲਈ ਕਹਿਣ ਲੱਗੇ ਅਤੇ ਉਸ ਕੋਲੋਂ ਕਾਗਜ਼ਾਂ ’ਤੇ ਅੰਗੂਠੇ ਲਗਵਾ ਕੇ ਲੈ ਗਏ।ਮ੍ਰਿਤਕ ਦੀ ਮਾਤਾ  ਨੇ ਕਿਹਾ ਕਿ ਮੇਰੇ ਪੁੱਛੇ ਜਾਣ ’ਤੇ ਉਨ੍ਹਾਂ ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਸੰਨੀ ਦੀ ਮੌਤ ਨਸ਼ੇ ਨਾਲ ਨਹੀਂ ਸਗੋ ਫਾਹ ਲਾਉਣ ਨਾਲ ਹੋਈ ਹੈ। ਮ੍ਰਿਤਕ ਸੰਨੀ ਦੀ ਮਾਤਾ ਆਸ਼ਾ ਨੇ ਰੋਂਦੇ ਹੋਏ ਦੱਸਿਆ ਕਿ ਮੇਰਾ ਇਕ 22 ਸਾਲਾ ਨੌਜਵਾਨ ਲੜਕਾ ਤਾਂ ਨਸ਼ੇ ਦੀ ਭੇਟ ਚੜ੍ਹ ਕੇ ਮਰ ਚੁੱਕਿਆ ਹੈ ਪਰ ਮੇਰਾ ਦੂਸਰਾ ਲੜਕਾ ਵੀ ਨਸ਼ੇ ਦੀ ਦਲ-ਦਲ ਵਿਚ ਧਸ ਚੁੱਕਿਆ ਹੈ। ਬਸ ਕਿਸੇ ਤਰੀਕੇ ਮੇਰੇ ਦੂਸਰੇ ਲੜਕੇ ਨੂੰ ਬਚਾ ਲਓ ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਦਾ ਸਾਰਾ ਕੂੜਾ ਭਾਜਪਾ ’ਚ ਸ਼ਾਮਲ ਹੋ ਰਿਹੈ : ਰਾਘਵ ਚੱਢਾ

ਉਕਤ ਘਟਨਾ ਦੀ ਜਾਣਕਾਰੀ ਜਦੋਂ ਮੈਂਬਰ ਪੰਚਾਇਤ ਸੁਖਵੀਰ ਸਿੰਘ ਸੁੱਖੀ ਅਤੇ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਹ ਮ੍ਰਿਤਕ ਸੰਨੀ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੇ । ਮਾਹੌਲ ਗਰਮ ਹੁੰਦਾ ਦੇਖ ਥਾਣਾ ਮੁੱਖੀ ਗੁਰਾਇਆ ਕੰਵਲਜੀਤ ਸਿੰਘ ਬਲ ਨੇ ਮੌਕੇ ’ਤੇ ਪਹੁੰਚ ਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਪਿੰਡ ਵਿਚ ਨਸ਼ੇ ਦੇ ਵਪਾਰੀ ਉਸੇ ਤਰ੍ਹਾਂ ਹੀ ਸ਼ਰੇਆਮ ਨਸ਼ਾ ਵੇਚ ਰਹੇ ਹਨ, ਜਿਸ ’ਤੇ ਥਾਣਾ ਮੁਖੀ ਗੁਰਾਇਆ ਕੰਵਰਜੀਤ ਸਿੰਘ ਬੱਲ ਵੱਲੋਂ ਪੁਲਸ ਪਾਰਟੀ ਸਮੇਤ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਰਚ ਅਭਿਆਨ ਸ਼ੁਰੂ ਕਰ ਦਿੱਤਾ, ਜਿਸ ਨਾਲ ਪਿੰਡ ’ਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ । ਪਿੰਡ ਦੇ ਹੀ ਨਸ਼ਾ ਵੇਚਣ ਵਾਲਿਆਂ ਦੇ ਇਕ ਖਾਸ ਬਰਾਦਰੀ ਨਾਲ ਤਾਲੁਕ ਰੱਖਣ ਵਾਲਿਆਂ ਦੇ ਘਰਾਂ ਦੇ ਬਾਹਰ ਤਾਲੇ ਲੱਗੇ ਹੋਏ ਸਨ ਅਤੇ ਇਸ ਮੌਕੇ ਕੁਝ ਨੌਜਵਾਨ ਮੌਕੇ ਤੋਂ ਨੱਸਦੇ ਵੀ ਨਜ਼ਰ ਆਏ। ਨੌਜਵਾਨਾਂ ਨੂੰ ਨੱਸਦੇ ਦੇਖ ਪਿੰਡ ਵਾਸੀਆਂ ਅਤੇ ਪੁਲਸ ਪਾਰਟੀ ਵੱਲੋਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਚਕਮਾ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ED ਦੀ ਕਾਰਵਾਈ, ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ CM ਚੰਨੀ ਦੇ ਭਾਣਜੇ ਹਨੀ ਦਾ ਸਾਥੀ ਕੀਤਾ ਗ੍ਰਿਫ਼ਤਾਰ

ਇਸੇ ਮੌਕੇ ਪਿੰਡ ਦੇ ਮੈਂਬਰ ਪੰਚਾਇਤ ਸੁਖਵੀਰ ਸਿੰਘ ਸੁੱਖੀ ਨੇ ਕਿਹਾ ਕਿ ਧੁਲੇਤਾ ਚੌਕੀ ਦੇ ਕੁੱਝ ਮੁਲਾਜ਼ਮ ਅੱਜ ਮ੍ਰਿਤਕ ਸੰਨੀ ਦੇ ਘਰ ਆਏ ਅਤੇ ਉਸ ਦੀ ਮਾਤਾ, ਜੋ ਅਨਪੜ੍ਹ ਹੈ, ਕੋਲੋਂ ਜ਼ਬਰਦਸਤੀ ਕਾਗਜ਼ਾਂ ਉਪਰ ਅੰਗੂਠਾ ਲਵਾ ਲਿਆ ਜਦਕਿ ਪੁਲਸ ਮੁਲਾਜ਼ਮਾਂ ਨੂੰ ਪੰਚਾਇਤ ਕੋਲ ਪਹਿਲਾਂ ਆਉਣਾ ਚਾਹੀਦਾ ਸੀ ਪਰ ਮੁਲਜ਼ਮ ਸੰਨੀ ਦੀ ਮਾਤਾ ਨੂੰ ਕਹਿਣ ਲੱਗੇ ਕਿ ਤੁਹਾਡੇ ਪਰਿਵਾਰ ਨੂੰ ਫਿਲੌਰ ਅਤੇ ਜਲੰਧਰ ਦੀਆਂ ਕੋਰਟ ਕਚਹਿਰੀਆਂ ਦੇ ਧੱਕੇ ਖਾਣੇ ਪੈਣਗੇ, ਨਹੀਂ ਤਾਂ ਇਸ ਕਾਗਜ਼ ਉੱਪਰ ਅੰਗੂਠਾ ਲਾ ਦਿਓ, ਜਿਸ ਤੋਂ ਡਰਦੇ ਮਾਰੇ ਆਸ਼ਾ ਰਾਣੀ ਨੇ ਕਾਗਜ਼ਾਂ ਦੇ ਉੱਪਰ ਅੰਗੂਠੇ ਲਾ ਦਿੱਤੇ ਪਰ ਉਸ ਨੂੰ ਉਨ੍ਹਾਂ ਪੇਪਰਾਂ ਦੀ ਫੋਟੋ ਨਹੀਂ ਖਿੱਚਣ ਦਿੱਤੀ। ਸੁੱਖੀ ਨੇ ਕਿਹਾ ਕਿ ਗੁਰਾਇਆ ਪੁਲਸ ਨਸ਼ੇ ਦੇ ਵਪਾਰੀਆਂ ਨੂੰ ਫੜਨ ਦੀ ਬਜਾਏ ਮ੍ਰਿਤਕ ਸੰਨੀ ਦੇ ਪਰਿਵਾਰ ਨੂੰ ਹੀ ਧਮਕਾ ਰਹੀ ਹੈ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਨਸ਼ੇ ਨਾਲ ਮਰੇ ਹੋਏ ਨੌਜਵਾਨ ਨੂੰ ਉਹ ਖੁਦਕੁਸ਼ੀ ਸਾਬਤ ਕਰਨ ਦੇ ਲੱਗੇ ਹੋਏ ਹਨ ।

ਇਹ ਵੀ ਪੜ੍ਹੋ- ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਇਸ ਸੰਬੰਧੀ ਜਦੋਂ ਐੱਸ. ਐੱਚ. ਓ. ਕੰਵਰਜੀਤ ਸਿੰਘ ਬੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸੰਨੀ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਸੀ, ਫਿਰ ਵੀ ਪਰਿਵਾਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੁਲਸ ਵੱਲੋਂ ਪੰਚਾਇਤ ਮੈਂਬਰਾਂ ਅਤੇ ਪੰਚਾਇਤ ਦੇ ਕਹੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ । ਖਾਲੀ ਕਾਗਜ਼ਾਂ ਉਤੇ ਅੰਗੂਠੇ ਲਾਏ ਜਾਣ ਦੇ ਸਵਾਲ ਪੁੱਛੇ ਜਾਣ ’ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਕਤ ਕਾਗਜ਼ ਪੰਚਾਇਤ ਮੈਂਬਰਾਂ ਦੀ ਹਾਜ਼ਰੀ ’ਚ ਪਾਡ਼ ਦਿੱਤੇ ਜਾਣਗੇ ਅਤੇ ਪਿੰਡ ਦੇ ਭੈੜੇ ਅਨਸਰਾਂ ਤੇ ਜਲਦੀ ਹੀ ਨਕੇਲ ਕੱਸ ਦਿੱਤੀ ਜਾਵੇਗੀ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News