ਨਸ਼ੇ ਦੀ ਓਵਰਡੋਜ਼ ਦੇ ਕਾਰਨ ਗਈ ਨੌਜਵਾਨ ਦੀ ਜਾਨ, 4 ਦਿਨਾਂ ਤੋਂ ਸੀ ਲਾਪਤਾ

06/23/2018 6:32:45 PM

ਹੁਸ਼ਿਆਰਪੁਰ (ਅਮਰਿੰਦਰ)— ਨਸ਼ੇ ਦੀ ਓਵਰਡੋਜ਼ ਦੀ ਲਪੇਟ 'ਚ ਆਉਣ ਨਾਲ ਥਾਣਾ ਮਾਹਿਲਪੁਰ ਦੇ ਪਿੰਡ ਥਿੰਡਾ ਦੇ ਰਹਿਣ ਵਾਲੇ ਨਿਰਪਾਲ ਸਿੰਘ (40) ਪੁੱਤਰ ਮੱਖਨ ਸਿੰਘ ਦੀ ਮੌਤ ਹੋ ਗਈ। ਨਿਰਪਾਲ ਦੀ ਲਾਸ਼ ਸ਼ਨੀਵਾਰ ਮਾਹਿਲਪੁਰ ਦੀ ਪੁਲਸ ਨੇ ਪਥਰਾਲਾ ਪਿੰਡ ਦੇ ਕੋਲੋਂ ਕੋਲਡ ਸਟੋਰ ਦੇ ਨਾਲ ਲੱਗਦੀਆਂ ਝਾੜੀਆਂ 'ਚੋਂ ਬਰਾਮਦ ਕੀਤੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ 174 ਦੀ ਕਾਰਵਾਈ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ। 
ਧਾਰਮਿਕ ਸਥਾਨ 'ਚ ਡਰਾਈਵਰ ਸੀ ਨਿਰਪਾਲ 
ਸਿਵਲ ਹਸਪਤਾਲ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ 'ਚੋਂ ਕੁਲਵੰਤ ਸਿੰਘ ਅਤੇ ਮੰਗਤ ਰਾਮ ਨੇ ਦੱਸਿਆ ਕਿ ਨਿਰਪਾਲ ਸਿੰਘ ਮਾਹਿਲਪੁਰ ਦੇ ਕੋਲ ਹੀ ਇਕ ਧਾਰਮਿਕ ਸਥਾਨ ਦੀ ਗੱਡੀ ਚਲਾਉਂਦਾ ਸੀ। ਨਸ਼ੇ ਦੇ ਆਦੀ ਹੋਣ ਕਰਕੇ ਉਸ ਦੀ ਪਤਨੀ ਕਰੀਬ 4 ਸਾਲ ਪਹਿਲਾਂ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ। ਨਿਰਪਾਲ ਦੀ 4 ਸਾਲ ਦੀ ਬੇਟੀ ਵੀ ਹੈ, ਜੋ ਉਸ ਦੇ ਨਾਲ ਹੀ ਰਹਿੰਦੀ ਸੀ। ਪਿਛਲੇ 4 ਦਿਨਾਂ ਤੋਂ ਉਹ ਲਾਪਤਾ ਚੱਲ ਰਿਹਾ ਸੀ, ਜਿਸ ਕਾਰਨ ਪਰਿਵਾਰ ਵਾਲਿਆਂ ਦੇ ਨਾਲ-ਨਾਲ ਪਿੰਡ ਦੇ ਲੋਕ ਉਸ ਦੀ ਭਾਲ ਕਰ ਰਹੇ ਹਨ। 
ਝਾੜੀਆਂ ਦੇ ਕੋਲ ਹੀ ਖੜ੍ਹਾ ਸੀ ਮੋਟਰਸਾਈਕਲ 
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ. ਐੱਸ. ਆਈ. ਸ਼ਾਮ ਸਿੰਘ ਨੇ ਦੱਸਿਆ ਕਿ ਪੁਲਸ ਪਥਰਾਲਾ ਪਿੰਡ ਦੇ ਕੋਲ ਗਸ਼ਤ 'ਤੇ ਸੀ। ਇਸ ਦੌਰਾਨ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਝਾੜੀਆਂ 'ਚ ਲਾਸ਼ ਪਈ ਹੈ, ਜਿਸ 'ਚੋਂ ਬਦਬੂ ਆ ਰਹੀ ਹੈ। ਨੇੜੇ ਜਾ ਕੇ ਦੇਖਿਆ ਤਾਂ ਝਾੜੀਆਂ 'ਚ ਨਿਰਪਾਲ ਸਿੰਘ ਦੀ ਮੋਟਰਸਾਈਕਲ ਖੜ੍ਹੀ ਸੀ। ਮੋਟਰਸਾਈਕਲ 'ਚ ਚਾਬੀ ਵੀ ਲੱਗੀ ਹੋਈ ਸੀ। ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਨਿਰਪਾਲ ਨਸ਼ਾ ਕਰਨ ਦਾ ਆਦੀ ਸੀ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਹੀ ਨਿਰਪਾਲ ਦੀ ਮੌਤ ਹੋਈ ਹੋਵੇਗੀ। ਪੋਸਟਮਾਰਟਮ ਦੇ ਸੈਂਪਲ ਖਰੜ੍ਹ ਲੈਬੋਰੈਟਰੀ 'ਚ ਭੇਜ ਦਿੱਤੇ ਗਏ ਹਨ।