ਸੜਕ 'ਤੇ ਪਈ ਲਾਸ਼ ਦੇਖ ਕੇ ਲੰਘ ਗਈ ਕੁੜੀ, ਬਾਅਦ 'ਚ ਪਤਾ ਲੱਗਾ ਪਿਤਾ ਦੀ ਹੋਈ ਹੈ ਮੌਤ

06/24/2018 10:46:48 AM

ਜਲੰਧਰ (ਰਾਜੇਸ਼,ਜਸਪ੍ਰੀਤ)— ਇਥੋਂ ਦੇ ਰੇਰੂ ਨੇੜੇ ਸੜਕ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੜਕ ਕੰਢੇ ਤੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਵਿਅਕਤੀ ਦੀ ਪਛਾਣ ਪ੍ਰੇਮ ਲਾਲ ਵਾਸੀ ਰਾਓਵਾਲੀ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਹੀ ਮ੍ਰਿਤਕ ਦੀ ਬੇਟੀ ਇਸੇ ਸੜਕ ਤੋਂ ਹੋ ਕੇ ਲੰਘੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਸੜਕ 'ਤੇ ਪਈ ਲਾਸ਼ ਉਸ ਦੇ ਪਿਤਾ ਦੀ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਸੜਕ 'ਤੇ ਇਕ ਵਿਅਕਤੀ ਦੀ ਲਾਸ਼ ਪਈ ਸੀ। ਪੁਲਸ ਜਾਂਚ ਪੜਤਾਲ ਕਰ ਰਹੀ ਸੀ। ਉਸੇ ਦੌਰਾਨ ਉਕਤ ਮ੍ਰਿਤਕ ਵਿਅਕਤੀ ਦੀ ਬੇਟੀ ਆਪਣੇ ਕੰਮ 'ਤੇ ਜਾਣ ਲਈ ਉਥੋਂ ਲੰਘੀ। ਕੁੜੀ ਸਾਧਾਰਨ ਜਿਹੀ ਰੁਕੀ ਅਤੇ ਫਿਰ ਅੱਗੇ ਨਿਕਲ ਗਈ। ਫਿਰ ਕੁਝ ਦੇਰ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਦੀ ਲਾਸ਼ ਰੇਰੂ ਚੌਕ ਵਿਖੇ ਪਈ ਹੈ। ਉਹ ਵਾਪਸ ਆਈ ਅਤੇ ਦੇਖ ਕੇ ਹੈਰਾਨ ਰਹਿ ਗਈ।
ਮੌਕੇ 'ਤੇ ਪੁੱਜੇ ਥਾਣਾ ਨੰਬਰ 8 ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੀ ਲਾਸ਼ ਰੇਰੂ ਚੌਕ ਵਿਖੇ ਪਈ ਹੈ। ਮੌਕੇ 'ਤੇ ਜਾਂਚ ਕੀਤੀ ਗਈ। ਮ੍ਰਿਤਕ ਕੋਲੋਂ ਮਿਲੇ ਆਧਾਰ ਕਾਰਡ ਰਾਹੀਂ ਉਸ ਦੀ ਪਛਾਣ ਹੋਈ। ਮ੍ਰਿਤਕ ਕੋਲੋਂ ਇਕ ਦਵਾਈ ਦੀ ਸ਼ੀਸ਼ੀ ਮਿਲੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰੇਮ ਲਾਲ ਨੂੰ ਸਾਹ ਦੀ ਬੀਮਾਰੀ ਸੀ।

ਉਹ ਰੇਰੂ ਚੌਕ ਨੇੜੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਰਾਤ ਦੀ ਡਿਊਟੀ ਖਤਮ ਕਰਨ ਪਿੱਛੋਂ ਸ਼ਨੀਵਾਰ ਘਰ ਵੱਲ ਜਾ ਰਿਹਾ ਸੀ ਕਿ ਰਾਹ ਚ ਸਾਹ ਦੀ ਤਕਲੀਫ ਹੋਣ ਕਾਰਨ ਮੌਤ ਹੋ ਗਈ। ਉਹ ਹਮੇਸ਼ਾ ਆਪਣੇ ਕੋਲ ਇਸ ਸਬੰਧੀ ਦਵਾਈ ਰੱਖਦਾ ਸੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।