ਨਕੋਦਰ ’ਚ ਚੋਰੀ ਦੀਅਾਂ ਵਾਰਦਾਤਾਂ  ’ਤੇ ਲਗਾਮ ਕੱਸਣ ’ਚ ਪੁਲਸ ਫੇਲ

09/23/2018 7:32:53 AM

ਨਕੋਦਰ, (ਰਜਨੀਸ਼)– ਪਿਛਲੇ ਕੁਝ ਮਹੀਨਿਅਾਂ ਤੋਂ ਸ਼ਹਿਰ ’ਚ ਵਾਪਰ ਰਹੀਅਾਂ ਚੋਰੀ ਦੀਅਾਂ ਵਾਰਦਾਤਾਂ ਨੇ ਜਿਥੇ ਪੁਲਸ ਦੇ ਸੁਰੱਖਿਅਾ ਪ੍ਰਬੰਧਾਂ ਨੂੰ ਚੁਣੌਤੀ ਦਿੱਤੀ ਹੈ, ਉਥੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਅਾ ਹੋਇਅਾ ਹੈ। ਬੇਲਗਾਮ ਚੋਰ ਪੁਲਸ ਸੁਰੱਖਿਅਾ ਪ੍ਰਬੰਧਾਂ ਨੂੰ ਟਿੱਚ ਜਾਣਦਿਅਾਂ ਅਾਏ ਦਿਨ ਅਾਪਣੇ ਮਨਸੂਬਿਅਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। 
ਚੋਰਾਂ ਨੇ ਚੋਰੀਅਾਂ ਦਾ ਸਿਲਸਿਲਾ ਜਾਰੀ ਰੱਖਦਿਅਾਂ ਅੱਜ  ਤੜਕਸਾਰ ਕਰੀਬ 4 ਵਜੇ ਹਸਪਤਾਲ ਰੋਡ ’ਤੇ ਸਥਿਤ ਸਿਟੀ ਮੈਡੀਕੋਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਅਾ। ਦੁਕਾਨ ਦੇ ਮਾਲਕ ਦਿਨੇਸ਼ ਕੁਮਾਰ ਨੇ ਦੱਸਿਅਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅਾਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਅਾ। ਅੱਜ ਤੜਕੇ ਕਿਸੇ ਨੇ ਉਸ ਨੂੰ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਣ ਸਬੰਧੀ ਸੂਚਨਾ ਦਿੱਤੀ। ਉਸ ਨੇ ਦੁਕਾਨ ’ਤੇ ਅਾ ਕੇ ਦੇਖਿਅਾ ਤਾਂ 30 ਹਜ਼ਾਰ ਨਕਦੀ ਤੋਂ ਇਲਾਵਾ ਇਕ ਲੈਪਟਾਪ, ਮੋਬਾਇਲ ਅਤੇ ਡੀ. ਵੀ. ਅਾਰ. ਗਾਇਬ ਸੀ। ਸੀ. ਸੀ. ਟੀ. ਵੀ. ਦੀ ਫੁਟੇਜ ਦੇਖਣ ’ਤੇ ਪਤਾ ਚੱਲਿਅਾ ਕਿ ਚੋਰ ਸਿਰਫ 10 ਮਿੰਟਾਂ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।  ਚੋਰਾਂ ਨੇ ਨਾਲ ਦੀ ਦੁਕਾਨ ਦੇ ਵੀ ਜਿੰਦਰੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ  ਹੋ ਸਕੇ। ਪੁਲਸ ਸੂਚਨਾ ਮਿਲਦਿਅਾਂ ਹੀ ਮੌਕੇ ’ਤੇ  ਪੁੱਜੀ ਤੇ ਜਾਂਚ ਸ਼ੁਰੂ ਕੀਤੀ। 
ਚੋਰਾਂ ਵਲੋਂ ਪਹਿਲਾਂ ਕੀਤੀਅਾਂ ਗਈਅਾਂ ਵਾਰਦਾਤਾਂ
 12 ਮਈ ਨੂੰ ਪਿੰਡ ਮੀਰਪੁਰ ਵਿਖੇ ਬਲਵਿੰਦਰ ਸਿੰਘ ਦੇ ਘਰੋਂ 40 ਹਜ਼ਾਰ ਦੀ ਨਕਦੀ, 7 ਤੋਲੇ ਸੋਨ ਦੇ ਗਹਿਣੇ ਚੋਰੀ।
10 ਜੁਲਾਈ ਨੂੰ ਬੱਸ ਸਟੈਂਡ ਸਾਹਮਣੇ ਅਲੀ ਟੈਟੂ ਦੀ ਦੁਕਾਨ ਤੋਂ ਮਸ਼ੀਨਾਂ ਤੇ ਹੋਰ ਸਾਮਾਨ ਚੋਰੀ।
11 ਜੁਲਾਈ ਨੂੰ ਮੁਹੱਲਾ ਧੀਰਾਂ ਵਿਖੇ ­ਸੁਰਿੰਦਰ ਧੀਰ ਦੇ ਘਰੋਂ ਸੋਨੇ ਦੇ ਗਹਿਣੇ ਅਤੇ 3 ਹਜ਼ਾਰ ਨਕਦੀ ਚੋਰੀ।
27 ਅਗਸਤ ਨੂੰ ਨੂਰਮਹਿਲ ਰੋਡ ਵਿਖੇ ਸ਼ੋਅਰੂਮ ’ਚੋਂ 83 ਹਜ਼ਾਰ ਨਕਦ, 1 ਮੋਟਰਸਾਈਕਲ ਅਤੇ 1 ਸਕੂਟਰ ਚੋਰੀ।
30 ਅਗਸਤ ਨੂੰ ਜੈਨ ਕਾਲੋਨੀ ’ਚੋਂ ਪ੍ਰਵਾਸੀ ਰਾਜੇਸ਼ ਕੁਮਾਰ ਦੇ ਘਰੋਂ 30 ਹਜ਼ਾਰ ਨਕਦੀ, 6 ਮੋਬਾਇਲ ਤੇ ਕੱਪੜੇ ਚੋਰੀ।
1 ਸਤੰਬਰ ਨੂੰ ਪ੍ਰੀਤ ਨਗਰ ਵਿਖੇ ਮੁਹੰਮਦ ਸ਼ਾਹਨਵਾਜ਼ ਦੇ ਘਰੋਂ 5 ਤੋਲੇ ਸੋਨਾ, ਅੱਧਾ ਕਿਲੋ ਚਾਂਦੀ, 35 ਹਜ਼ਾਰ ਨਕਦੀ ਤੇ 2 ਮੋਬਾਇਲ ਚੋਰੀ।
16 ਸਤੰਬਰ ਨੂੰ ਤਾਜ ਸਿਟੀ ’ਚੋਂ  ਸ਼ਮਸ਼ਾਦ ਠੇਕੇਦਾਰ ਦਾ ਸ਼ਟਰਿੰਗ ਦਾ ਸਾਮਾਨ ਚੋਰੀ।