ਪੁਲਸ ਦੇ ਜਾਂਦਿਅਾਂ ਹੀ ਮੰਗੂ ਬਸਤੀ ’ਚ ਹੋਇਆ ਝਗੜਾ

12/30/2018 6:02:08 AM

ਜਲੰਧਰ,  (ਸ਼ੋਰੀ)- ਮੰਗੂ ਬਸਤੀ ਵਿਚ ਪੁਰਾਣੇ ਝਗੜੇ ਦਾ ਰਾਜ਼ੀਨਾਮਾ ਹੋਣ ਦੇ ਸਥਾਨ ’ਤੇ  ਦੁਬਾਰਾ ਝਗੜਾ ਹੋ ਗਿਆ। ਇਲਾਕੇ ਵਿਚ ਪੁਲਸ ਦੇ ਜਾਣ ਤੋਂ ਬਾਅਦ 2 ਪੱਖਾਂ ਵਿਚ ਦੁਬਾਰਾ  ਟਕਰਾਅ ਹੋ ਗਿਆ। ਇਸ ਦੌਰਾਨ ਤੇਜ਼ਧਾਰ ਹਥਿਆਰ ਵੀ ਚੱਲੇ ਅਤੇ ਦੋਵੇਂ ਪੱਖਾਂ ਵਿਚ ਮੁਲਜ਼ਮ ਸਮੇਤ 4 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।  ਪਹਿਲੇ ਪੱਖ ਦੇ ਜ਼ਖ਼ਮੀ ਜੋਨੀ ਪੁੱਤਰ ਕਰਤਾਰ ਚੰਦਰ ਨੇ ਦੱਸਿਆ ਕਿ ਉਸ ਦੇ ਭਤੀਜੇ ਰੋਹਨ ਨਾਲ  ਇਲਾਕੇ ਦੇ ਕੁਝ ਲੋਕ ਝਗੜਾ ਕਰ ਰਹੇ ਸਨ। ਰੋਕਣ ’ਤੇ ਉਕਤ ਲੋਕਾਂ ਨੇ ਮਿਲ ਕੇ ਉਸ ’ਤੇ  ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਨਾਲ ਹੀ ਉਸ ਦੀ ਮਾਸੀ ਸੋਨੀਆ ਨਾਲ ਵੀ ਕੁੱਟਮਾਰ ਕੀਤੀ।  ਜੋਨੀ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਵਿਚ ਦਿਲਬਾਰ ਸਿੰਘ ਨੇ ਕੁਝ ਸਾਲ  ਪਹਿਲਾਂ ਅਵਤਾਰ ਨਗਰ ਦੀ ਗਲੀ ਨੰ. 13 ਵਿਚ ਬਿੱਟੂ ਵਾਸੀ ਅਵਤਾਰ ਨਗਰ ਦੀ ਆਪਣੇ ਸਾਥੀਆਂ  ਨਾਲ ਮਿਲ ਕੇ ਹੱਤਿਆ  ਕੀਤੀ ਸੀ।
 ਇਸ ਕੇਸ ਵਿਚ ਦਿਲਬਾਰ ਸਿੰਘ ਦੇ ਖਿਲਾਫ ਕੇਸ ਦਰਜ ਹੋਇਆ ਸੀ ਅਤੇ 
ਉਹ ਜੇਲ ਤੋਂ ਜ਼ਮਾਨਤ ’ਤੇ ਬਾਹਰ 
ਆਇਆ ਹੈ। ਉਸ ਦੀ ਸ਼ਹਿ ’ਤੇ ਹੀ ਉਨ੍ਹਾਂ ’ਤੇ ਹਮਲਾ ਹੋਇਆ ਹੈ।
ਉਥੇ  ਦੂਜੇ ਪੱਖ ਦੇ ਹੈਪੀ ਪੁੱਤਰ ਰਾਜ ਕੁਮਾਰ ਨੇ ਪਹਿਲੇ ਪੱਖ ’ਤੇ ਹਮਲੇ ਦਾ ਦੋਸ਼ ਲਗਾਉਂਦੇ  ਹੋਏ ਕਿਹਾ ਕਿ ਉਸ ਦੇ ਮਾਮਾ ਦਿਲਬਾਰ ਸਿੰਘ ਦੇ ਜਨਰਲ ਸਟੋਰ ਦੇ ਬਾਹਰ ਜੋਨੀ ਦੇ ਪਰਿਵਾਰ  ਵਾਲੇ ਖੜ੍ਹੇ ਹੋ ਕੇ ਲੜਕੀਆਂ ਨੂੰ ਛੇੜਦੇ ਸਨ ਅਤੇ ਰੋਕਣ ’ਤੇ ਝਗੜਾ ਕੀਤਾ  ਸੀ। ਇਸ ਗੱਲ ਦੀ ਸ਼ਿਕਾਇਤ ਉਨ੍ਹਾਂ ਨੇ ਪਹਿਲਾਂ ਹੀ ਥਾਣਾ  ਬਸਤੀ ਬਾਵਾ ਖੇਲ ਦੀ ਪੁਲਸ ਨੂੰ  ਦਿੱਤੀ ਹੋਈ ਹੈ। ਅੱਜ ਇਸ ਇਲਾਕੇ ਵਿਚ ਪੁਲਸ ਜਿਵੇਂ ਹੀ ਜਾਂਚ ਕਰ ਕੇ  ਗਈ ਤਾਂ ਪਹਿਲੇ ਪੱਖ  ਨੇ ਦੁਬਾਰਾ ਤੋਂ ਝਗੜਾ ਕਰਨ ਉਪਰੰਤ ਉਨ੍ਹਾਂ ’ਤੇ ਹਮਲਾ  ਕਰ ਦਿੱਤਾ।


Related News