ਸਰਪ੍ਰਾਈਜ਼ ਚੈਕਿੰਗ : ਰਾਤ ਨੂੰ ਸੜਕਾਂ ''ਤੇ ਫੋਰਸ ਨਾਲ ਪੈਦਲ ਨਿਕਲੇ ਪੁਲਸ ਕਮਿਸ਼ਨਰ

04/22/2022 4:46:13 PM

ਜਲੰਧਰ (ਸੁਧੀਰ) : ਸ਼ਹਿਰ 'ਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ, ਜੁਰਮਾਂ 'ਤੇ ਕਾਬੂ ਪਾਉਣ ਅਤੇ ਸ਼ੱਕੀਆਂ 'ਤੇ ਨਕੇਲ ਕੱਸਣ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਖੁਦ ਫੀਲਡ 'ਚ ਨਿਕਲ ਪਏ। ਉਨ੍ਹਾਂ ਨੂੰ ਅਚਾਨਕ ਸੜਕਾਂ 'ਤੇ ਪੈਦਲ ਆਉਂਦਾ ਦੇਖ ਕੇ ਪੁਲਸ ਮੁਲਾਜ਼ਮਾਂ ਵਿਚ ਹੜਕੰਪ ਮਚ ਗਿਆ। ਇਸ ਦੌਰਾਨ ਸ਼ਹਿਰ 'ਚ ਲੱਗੇ ਨਾਕਿਆਂ 'ਤੇ ਤਾਇਨਾਤ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਵੀ ਅਲਰਟ ਹੋ ਗਏ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰਜ ਸੰਭਾਲਿਆਂ ਅਜੇ ਕੁਝ ਹੀ ਦਿਨ ਹੋਏ ਹਨ। ਉਨ੍ਹਾਂ ਆਉਂਦੇ ਹੀ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਕੋਲੋਂ ਸ਼ਹਿਰ ਬਾਰੇ ਸਾਰੀ ਜਾਣਕਾਰੀ ਲਈ। ਇਸ ਤੋਂ ਬਾਅਦ ਸਾਰੇ ਥਾਣਾ ਇੰਚਾਰਜਾਂ ਨੂੰ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਸ਼ਹਿਰ ਵਿਚ ਕੋਈ ਜੁਰਮ ਹੋਇਆ ਤਾਂ ਉਸ ਦੀ ਜਵਾਬਦੇਹੀ ਥਾਣਾ ਇੰਚਾਰਜ ਦੀ ਹੋਵੇਗੀ।

ਇਹ ਵੀ ਪੜ੍ਹੋ : ਬੱਸਾਂ ਨੂੰ ਕਈ ਘੰਟੇ ਡੀਜ਼ਲ ਨਾ ਮਿਲਣ 'ਤੇ ਰੋਡਵੇਜ਼ ਡਿਪੂ-2 ਦੇ ਜੀ. ਐੱਮ. ਨੂੰ ਭੁਗਤਣਾ ਪਿਆ ਖਮਿਆਜ਼ਾ

ਸੀ. ਪੀ. ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 5 ਵਜੇ ਤੱਕ ਉਨ੍ਹਾਂ ਪੁਲਸ ਫੋਰਸ ਨੂੰ ਨਾਕੇ ਲਾਉਣ ਦੇ ਨਾਲ-ਨਾਲ ਸ਼ੱਕੀ ਲੋਕਾਂ 'ਤੇ ਨਕੇਲ ਕੱਸਣ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸਭ ਤੋਂ ਵੱਡੀ ਫੂਡ ਸਟ੍ਰੀਟ ਮੰਨੀ ਜਾਂਦੀ ਪੀ. ਪੀ. ਆਰ. ਮਾਰਕੀਟ ਵਿਚ ਵੀ ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ ਦੀ ਅਗਵਾਈ ਵਿਚ ਰੋਜ਼ਾਨਾ ਨਾਕਾਬੰਦੀ ਕਰਨ ਅਤੇ ਵਾਹਨਾਂ 'ਚ ਨਾਜਾਇਜ਼ ਢੰਗ ਨਾਲ ਸ਼ਰਾਬ ਪੀਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਅਤੇ ਹੁੱਲੜਬਾਜ਼ਾਂ 'ਤੇ ਪੁਲਸ ਦਾ ਡੰਡਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਸਾਈਕਲ 'ਤੇ ਆਏ ਚੋਰ ਟਾਇਰ ਵਪਾਰੀ ਦੇ ਘਰੋਂ 17 ਤੋਲੇ ਗਹਿਣੇ ਤੇ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਏ. ਡੀ. ਸੀ. ਪੀ. ਗੁਰਬਾਜ ਸਿੰਘ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਸਰਪ੍ਰਾਈਜ਼ ਚੈਕਿੰਗ ਲਈ ਨਿਕਲੇ। ਇਸ ਦੌਰਾਨ ਉਨ੍ਹਾਂ ਕਈ ਨਾਕਿਆਂ ਦਾ ਵੀ ਦੌਰਾ ਕਰਕੇ ਜਾਇਜ਼ਾ ਲਿਆ। ਸੀ. ਪੀ. ਨੇ ਦੱਸਿਆ ਕਿ ਉਨ੍ਹਾਂ ਪਟੇਲ ਚੌਕ ਤੇ ਬਸਤੀ ਅੱਡਾ ਤੋਂ ਹੁੰਦੇ ਹੋਏ ਕੰਪਨੀ ਬਾਗ਼ ਚੌਕ ਅਤੇ ਸ਼ਹਿਰ ਦੇ ਕਈ ਅੰਦਰੂਨੀ ਹਿੱਸਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਖੀਰ 'ਚ ਉਨ੍ਹਾਂ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਸਾਫ਼ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


Anuradha

Content Editor

Related News