ਫਲੈਗ ਮਾਰਚ ਦੌਰਾਨ ਜਲੰਧਰ ਦੇ ਪੁਲਸ ਕਮਿਸ਼ਨਰ ਨੇ ਕੀਤੀ ਦਿਲ ਦੀ ਗੱਲ

05/20/2020 2:20:55 PM

ਜਲੰਧਰ (ਸੁਧੀਰ)- ਲਾਕਡਾਊਨ ਦੌਰਾਨ ਬੀਤੀ ਸ਼ਾਮ 7 ਵੱਜਦੇ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਸ਼ਹਿਰ 'ਚ ਫਲੈਗ ਮਾਰਚ ਕੱਢ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਕਹਿ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ। ਭੁੱਲਰ ਨੇ ਦਸਿਆ ਕਿ ਦੁਆਬਾ ਇਲਾਕੇ ਦੇ ਲੋਕ ਜ਼ਿਆਦਾਤਰ ਟ੍ਰੈਵਲ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਸਿਰਫ ਬਾਹਰੀ ਲੋਕਾਂ ਨਾਲ ਹੀ ਸੂਬੇ ਵਿਚ ਫੈਲਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੋਰੋਨਾ ਨੂੰ ਕੰਟਰੋਲ ਕਰਨ ਲਈ ਸੂਬੇ ਵਿਚ ਕਰਫਿਊ ਦਾ ਐਲਾਨ ਕੀਤਾ ਗਿਆ ਸੀ।


ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਲੋਕਾਂ ਨੂੰ ਸਮਾਜਕ ਦੂਰੀ, ਮਾਸਕ ਅਤੇ ਗਲੱਬਜ਼ ਪਹਿਨਣ ਨੂੰ ਨਹੀਂ ਭੁਲਣਾ ਚਾਹੀਦਾ, ਨਹੀਂ ਤਾਂ ਪੁਲਸ ਅਤੇ ਪ੍ਰਸ਼ਾਸਨ ਦੀ ਸਖਤ ਮਿਹਨਤ ਅਤੇ ਕਰਫਿਊ ਦੌਰਾਨ ਕਾਫੀ ਸਮਾਂ ਘਰ ਵਿਚ ਬਿਤਾਉਣਾ ਬੇਕਾਰ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਪੂਰੀ ਸਖਤੀ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਅੱਜ ਤੱਕ ਪੁਲਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1032 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦ ਕਿ 20,443 ਵਾਹਨ ਚਾਲਕਾਂ ਦੀ ਚਲਾਨ ਕੱਟਣ ਦੇ ਨਾਲ ਥਾਣੇ 'ਚ 1575 ਵਾਹਨ ਜ਼ਬਤ ਕੀਤੇ ਹਨ। ਅੰਤ 'ਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜਕ ਦੂਰੀ ਦੀ ਪਾਲਣਾ ਕਰਨਾ ਨਾ ਭੁੱਲੋ।


shivani attri

Content Editor

Related News