ਰਾਜਸਥਾਨ ’ਚ ਕਪੂਰਥਲਾ ਦੇ 4 ਨੌਜਵਾਨਾਂ ਤੋਂ ਕਰੋੜਾਂ ਦੀ ਹੈਰੋਇਨ ਮਿਲਣ ਤੋਂ ਬਾਅਦ ਪੁਲਸ ਸਰਗਰਮ

06/10/2022 4:02:18 PM

ਕਪੂਰਥਲਾ (ਭੂਸ਼ਣ/ਮਹਾਜਨ)-ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ 4 ਨੌਜਵਾਨਾਂ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸੈਕਟਰ ’ਚ ਬੀ. ਐੱਸ. ਐੱਫ. ਨੇ ਕਰੋਡ਼ਾਂ ਰੁਪਏ ਮੁੱਲ ਦੀ ਹੈਰੋਇਨ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਪੂਰੇ ਆਪ੍ਰੇਸ਼ਨ ਦੌਰਾਨ ਇਕ ਮੁਲਜ਼ਮ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਮੁਲਜ਼ਮਾਂ ਨੂੰ ਬਰਾਮਦ ਹੈਰੋਇਨ ਦੀ ਖੇਪ ਪਾਕਿਸਤਾਨ ਦੇ ਬਾਰਡਰ ਵੱਲੋਂ ਡ੍ਰੋਨ  ਰਾਹੀਂ ਪਹੁੰਚਾਈ ਗਈ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ ਤੇ ਮੁਲਜ਼ਮਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਦਾ ਦੌਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸੈਕਟਰ ’ਚ ਪਾਕਿਸਤਾਨੀ ਬਾਰਡਰ ਦੇ ਨਾਲ ਲੱਗਦੇ ਖੇਤਰ ’ਚ ਗਸ਼ਤ ਕਰ ਰਹੀ ਬੀ. ਐੱਸ. ਐੱਫ. ਦੀ ਟੀਮ ਨੂੰ ਡ੍ਰੋਨ ਰਾਹੀਂ ਸੁੱਟੀ ਗਈ 3 ਕਿਲੋ 640 ਗ੍ਰਾਮ ਹੈਰੋਇਨ ਦੀ ਖੇਪ ਮਿਲੀ ਸੀ। ਇਸ ਦੌਰਾਨ ਇਸ ਡ੍ਰੋਨ ਵੱਲੋਂ ਸੁੱਟੀ ਗਈ ਇਸ ਹੈਰੋਇਨ ਦੀ ਖੇਪ ਨੂੰ ਲੈ ਆਏ ਬਾਰਡਰ ਖੇਤਰ ’ਚ ਪਹੁੰਚੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ 4 ਮੁਲਜ਼ਮਾਂ ਨਿਰਮਲ ਸਿੰਘ, ਰਵਿੰਦਰ ਸਿੰਘ, ਜਸਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਬੀ. ਐੱਸ. ਐੱਫ. ਨੇ ਕਾਬੂ ਕਰ ਲਿਆ, ਜਦਕਿ ਇਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਬਰਾਮਦ ਹੈਰੋਇਨ ਦਾ ਅੰਤਰਰਾਸ਼ਟਰੀ ਬਾਜ਼ਾਰ ਮੁੱਲ 15 ਕਰੋਡ਼ ਰੁਪਏ ਦੇ ਕਰੀਬ ਹੈ। ਮੁਲਜ਼ਮਾਂ ਕੋਲੋਂ ਇਕ ਕਰੇਟਾ ਕਾਰ ਵੀ ਬਰਾਮਦ ਕੀਤੀ ਗਈ ਹੈ, ਜੋ ਜਸਪ੍ਰੀਤ ਨਾਮੀ ਮੁਲਜ਼ਮ ਦੇ ਨਾਂ ’ਤੇ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ

ਮਹਿੰਗੇ ਲਾਈਫ ਸਟਾਈਲ ਦੇ ਸ਼ੌਕੀਨ ਹਨ ਗ੍ਰਿਫ਼ਤਾਰ ਮੁਲਜ਼ਮ
ਦੱਸਿਆ ਜਾਂਦਾ ਹੈ ਕਿ ਫਡ਼ੇ ਗਏ ਮੁਲਜ਼ਮ ਕਪੂਰਥਲਾ ਸ਼ਹਿਰ ਤੋਂ 10 ਤੋਂ ਲੈ ਕੇ 15 ਕਿਲੋਮੀਟਰ ਤੱਕ ਪੈਂਦੇ ਪਿੰਡਾਂ ਦੇ ਨਾਲ ਸਬੰਧਤ ਹਨ ਤੇ ਮਹਿੰਗੇ ਲਾਈਫ ਸਟਾਈਲ ਦੇ ਸ਼ੌਕੀਨ ਹਨ। ਉੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਬਾਰਡਰ ਪਾਰ ਤੋਂ ਚੱਲ ਰਹੇ ਇਕ ਵੱਡੇ ਡਰੱਗ ਨੈੱਟਵਰਕ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ’ਚ ਕਈ ਅਹਿਮ ਨਾਵਾਂ ਦਾ ਖੁਲਾਸਾ ਵੀ ਕੀਤਾ ਗਿਆ ਹੈ।

ਕੀ ਕਹਿਣੈ ਐੱਸ. ਐੱਸ. ਪੀ. ਦਾ
ਜਦੋਂ ਇਸ ਸਬੰਧੀ ’ਚ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਅਜੇ ਬੀ. ਐੱਸ. ਐੱਫ. ਵੱਲੋਂ ਫਡ਼ੇ ਗਏ ਇਨ੍ਹਾਂ ਮੁਲਜ਼ਮਾਂ ਦੀ ਕੋਈ ਜਾਣਕਾਰੀ ਨਹੀ ਹੈ। ਫਿਰ ਵੀ ਉਹ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣਗੇ। ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਹੋਵੇਗੀ ਸਾਬਤ : ਆਬਕਾਰੀ ਕਮਿਸ਼ਨਰ

ਪਹਿਲਾਂ ਵੀ ਕਪੂਰਥਲਾ ਨਾਲ ਸਬੰਧਤ ਸਮੱਗਲਰਾਂ ਨੂੰ ਹੋਰ ਸੂਬਿਆਂ ’ਚ ਫਡ਼ ਚੁੱਕੀ ਹੈ ਪੁਲਸ ਤੇ ਬੀ. ਐੱਸ. ਐੱਫ.
ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸੈਕਟਰ ’ਚ ਬੀ. ਐੱਸ. ਐੱਫ. ਵੱਲੋਂ ਹੈਰੋਇਨ ਦੀ ਵੱਡੀ ਖੇਪ ਨਾਲ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਪੁਲਸ ਸਮੇਤ ਹੋਰਨਾਂ ਸੂਬਿਆਂ ਦੀ ਪੁਲਸ ਤੇ ਬਾਰਡਰ ਖੇਤਰਾਂ ’ਚ ਬੀ. ਐੱਸ. ਐੱਫ. ਦੀਆਂ ਟੀਮਾਂ ਕਪੂਰਥਲਾ ਦੇ ਕਈ ਡਰੱਗ ਪ੍ਰਭਾਵਿਤ ਪਿੰਡਾਂ ਨਾਲ ਸਬੰਧਤ ਮੁਲਜ਼ਮਾਂ ਨੂੰ ਕਰੋਡ਼ਾਂ ਰੁਪਏ ਮੁੱਲ ਦੀ ਹੈਰੋਇਨ ਤੇ ਚੂਰਾ ਪੋਸਤ ਦੀ ਖੇਪ ਨਾਲ ਗ੍ਰਿਫਤਾਰ ਕਰ ਚੁੱਕੀਆਂ ਹਨ। ਜਿਸ ਨੂੰ ਲੈ ਕੇ ਦਿੱਲੀ ਪੁਲਸ ਤੇ ਮੱਧ ਪ੍ਰਦੇਸ਼ ਪੁਲਸ ਦੀਆਂ ਟੀਮਾਂ ਡਰੱਗ ਮਾਫੀਆ ਲਈ ਸੁਰਖੀਆਂ ’ਚ ਰਹਿਣ ਵਾਲੇ ਪਿੰਡਾਂ ਲਾਟੀਆਂਵਾਲ, ਤੋਤੀ ਤੇ ਬੂਟਾਂ ’ਚ ਵੱਡੇ ਪੱਧਰ ’ਤੇ ਛਾਪਾਮਾਰੀ ਵੀ ਕਰ ਚੁੱਕੀਆਂ ਹਨ। ਇਨ੍ਹਾਂ ਪਿੰਡਾਂ ਨਾਲ ਸਬੰਧਤ ਕਾਫੀ ਗਿਣਤੀ ’ਚ ਮੁਲਜ਼ਮ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਖਾਸ ਕਰਕੇ ਦਿੱਲੀ ਦੀ ਤਿਹਾਡ਼ ਜੇਲ ’ਚ ਵੀ ਬੰਦ ਹਨ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ 2 ਕਰੀਬੀਆਂ ਸਣੇ 6 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Manoj

This news is Content Editor Manoj