ਪਲਾਸਟਿਕ ਦੇ ਲਿਫਾਫੇ ਬੰਦ ਕਰਵਾਉਣ ਲਈ ਮੇਅਰ ਤੇ ਕਮਿਸ਼ਨਰ ਫੀਲਡ ''ਚ ਉਤਰੇ

07/17/2019 6:22:32 PM

ਜਲੰਧਰ (ਪੁਨੀਤ)— ਪਲਾਸਟਿਕ ਦੇ ਲਿਫਾਫਿਆਂ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਇਸ ਦੀ ਵਰਤੋਂ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ, ਜਿਸ ਨੂੰ ਲੈ ਕੇ ਮੇਅਰ ਤੇ ਕਮਿਸ਼ਨਰ ਨੇ ਬੀਤੇ ਦਿਨ ਆਪ ਫੀਲਡ 'ਚ ਉਤਰ ਕੇ ਪਲਾਸਟਿਕ ਦੇ ਲਿਫਾਫਿਆਂ ਖਿਲਾਫ ਮੁਹਿੰਮ ਚਲਾਈ। ਦੁਪਹਿਰ ਦੇ ਸਮੇਂ ਆਦਰਸ਼ ਨਗਰ ਚੋਪਾਟੀ ਪਹੁੰਚੇ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵ ਲਾਕੜਾ ਸਮੇਤ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੋਪਾਟੀ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਇਸਤੇਮਾਲ ਨੂੰ ਰੋਕਣ ਪ੍ਰਤੀ ਜਾਗਰੂਕ ਕੀਤਾ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਥਰਮਾਕੋਲ ਦੇ ਇਸਤੇਮਾਲ 'ਤੇ ਵੀ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਚੋਪਾਟੀ 'ਚ ਆਉਣ ਵਾਲੇ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਥਰਮਾਕੋਲ 'ਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਸਤੇਮਾਲ ਸਿਹਤ 'ਤੇ ਮਾੜਾ ਅਸਰ ਪਾਉਂਦਾ ਹੈ। ਇਸ ਲਈ ਸਰਕਾਰ ਵੱਲੋਂ ਇਸ 'ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਨੇ ਚੋਪਾਟੀ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਕੇ ਭਵਿੱਖ 'ਚ ਇਸ ਦਾ ਇਸਤੇਮਾਲ ਨਾ ਕਰਨ ਦੀ ਹਦਾਇਤਾਂ ਦਿੱਤੀਆਂ।

ਇਸ ਉਪਰੰਤ ਮੇਅਰ ਤੇ ਕਮਿਸ਼ਨਰ ਦੀ ਟੀਮ 120 ਫੁੱਟੀ ਰੋਡ 'ਤੇ ਲੱਗਣ ਵਾਲੀ ਮੰਡੀ ਵਿਚ ਜਾ ਕੇ ਕਈ ਪ੍ਰਚੂਨ ਦੁਕਾਨਦਾਰਾਂ ਦੇ ਲਿਫਾਫੇ ਆਦਿ ਜ਼ਬਤ ਕੀਤੇ ਤੇ ਜ਼ਿਆਦਾਤਰ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਵਾਪਸ ਆ ਰਹੇ ਉਕਤ ਅਧਿਕਾਰੀਆਂ ਨੇ ਕਈ ਦੁਕਾਨਾਂ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਚਿਤਾਵਨੀ ਦਿੱਤੀ।

ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦੇ ਹੁਕਮ
ਮੇਅਰ ਅਤੇ ਕਮਿਸ਼ਨਰ ਨੇ ਆਦਰਸ਼ ਨਗਰ ਚੋਪਾਟੀ 'ਚ ਰੇਹੜੀ ਚਾਲਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਲਈ 2 ਵੱਖਰੇ ਡਸਟਬਿਨ ਲਗਾਏ ਜਾਣ। ਉਨ੍ਹਾਂ ਕਿਹਾ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਵੀ ਗਿੱਲਾ ਤੇ ਸੁੱਕਾ ਕੂੜਾ ਵੱਖਰੇ ਢੰਗ ਨਾਲ ਉਠਾਉਣਗੇ।

ਕਾਰਵਾਈ ਕਰਨ ਪਹੁੰਚੇ ਅਧਿਕਾਰੀ ਬਦਲ ਨਹੀਂ ਦੇ ਸਕੇ ਨਿਗਮ ਅਧਿਕਾਰੀ
ਨਿਗਮ ਅਧਿਕਾਰੀ ਕਾਰਵਾਈ ਕਰਨ ਤਾਂ ਪਹੁੰਚੇ ਪਰ ਦੁਕਾਨਦਾਰਾਂ ਵੱਲੋਂ ਜਦੋਂ ਪਲਾਸਟਿਕ ਤੇ ਥਰਮਾਕੋਲ ਦਾ ਬਦਲ ਪੁੱਛਿਆ ਤਾਂ ਉਨ੍ਹਾਂ ਨੂੰ ਸਹੀ ਢੰਗ ਨਾਲ ਕੋਈ ਬਦਲ ਨਹੀਂ ਮਿਲਿਆ। ਰੇਹੜੀ ਚਾਲਕਾਂ ਨੇ ਕਿਹਾ ਕਿ ਨਿਗਮ ਨੇ ਨਾਨ ਵੋਵਨ (ਕੱਪੜੇ ਵਰਗਾ ਪਤਲਾ ਲਿਫਾਫਾ) ਇਸਤੇਮਾਲ ਕਰਨ 'ਤੇ ਪਾਬੰਦੀ ਲਗਾਈ ਹੈ। ਜੇਕਰ ਇਕ ਵਿਅਕਤੀ ਨੂੰ ਘਰਤੋਂ ਕੱਪੜੇ ਦਾ ਥੈਲਾ ਜਾਂ ਹੋਰ ਚੀਜ਼ ਲਿਆਉਣ ਲਈ ਕਹਿੰਦੇ ਹਾਂ ਤਾਂ ਉਨ੍ਹਾਂ ਦਾ ਗਾਹਕ ਪ੍ਰਭਾਵਿਤ ਹੁੰਦਾ ਹੈ।

shivani attri

This news is Content Editor shivani attri