ਇਹ ਬਜ਼ੁਰਗ ਬੂਟੇ ਲਗਾ ਕੇ ਸ਼ਹਿਰ ''ਚ ਵਧਾ ਰਹੇ ਨੇ ਹਰਿਆਲੀ, 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਪਲਾਂਟੇਸ਼ਨ

08/20/2018 5:45:55 PM

ਜਲੰਧਰ— ਸ਼ਹਿਰ 'ਚ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਹਰਿਆਲੀ ਨੂੰ ਵਧਾਉਣ ਲਈ ਬਜ਼ੁਰਗ ਬੂਟੇ ਲਗਾਉਣ ਦਾ ਕੰਮ ਕਰ ਰਹੇ ਹਨ। ਹਰਿਆਲੀ ਨੂੰ ਵਧਾਉਣ ਲਈ 5 ਬਜ਼ੁਰਗਾਂ ਨੇ ਇਥੋਂ ਦੇ ਡਾ. ਬੀ. ਆਰ. ਅੰਬੇਡਕਰ ਚੌਕ ਤੋਂ ਲੈ ਕੇ ਬੀ. ਐੱਮ. ਸੀ. ਅਤੇ ਇਥੋਂ ਦੇ ਅਲਸਕਾ ਚੌਕ ਤੱਕ ਤਿੰਨ ਕਿਲੋਮੀਟਰ ਦੀ ਸੜਕ ਦੇ ਸੈਂਟਰਲ ਵਰਜ 'ਤੇ ਬਾਂਸ ਦੀਆਂ ਡੰਡੀਆਂ ਨਾਲ ਬੰਨ੍ਹ ਕੇ ਬੂਟੇ ਲਗਾਏ ਹਨ। 5 ਬਜ਼ੁਰਗ ਰੋਜ਼ਾਨਾ ਟੈਂਪੂ 'ਚ ਪਾਣੀ ਅਤੇ ਬੂਟੇ ਲੈ ਕੇ ਨਿਕਲਦੇ ਹਨ ਅਤੇ ਰੋਜ਼ਾਨਾ ਸੁਰੱਖਿਅਤ ਥਾਂ ਲੱਭ ਕੇ ਬੂਟੇ ਲਗਾਉਂਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਕੋਈ ਸ਼ਹਿਰਵਾਸੀ ਮਿਲਦਾ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਅੰਕਲ ਇਥੇ ਬੂਟੇ ਲਗਾ ਦਿਓ। ਮੈਂ ਦੇਖਭਾਲ ਕਰ ਲਵਾਂਗਾ, ਅਜਿਹੇ ਸ਼ਖਸ ਨਾਲ ਮਿਲ ਕੇ ਉਨ੍ਹਾਂ ਨੂੰ ਜੋਸ਼ ਆਉਂਦਾ ਹੈ। ਹੁਣ ਤੱਕ ਉਹ ਸਿਟੀ 'ਚ ਕਾਫੀ ਜ਼ਿਆਦਾ ਬੂਟੇ ਲਗਾ ਚੁੱਕੇ ਹਨ ਪਰ 1200 ਤੋਂ ਵੱਧ ਬੂਟਿਆਂ ਦੀ ਦੇਖਭਾਲ ਕਰ ਰਹੇ ਹਨ। 

ਦੱਸਣਯੋਗ ਹੈ ਕਿ ਭਾਈ ਘਨੱਈਆ ਜੀ ਚੈਰੀਟੇਬਲ, ਮੈਡੀਕਲ ਐਜੂਕੇਸ਼ਨ ਸੋਸਾਇਟੀ ਨਾਲ ਜੁੜੇ ਸੀਨੀਅਰ ਸਿਟੀਜ਼ਨਸ ਸ਼ਹਿਰ ਨੂੰ ਵਾਤਾਵਰਣ ਸਾਂਭ-ਸੰਭਾਲ ਦੀ ਨਵੀਂ ਰਾਹ ਦਿਖਾ ਰਹੇ ਹਨ। ਇਸ ਨੂੰ 5 ਬਜ਼ੁਰਗਾਂ ਨੇ ਸ਼ੁਰੂ ਕੀਤਾ। ਹੁਣ ਤੱਕ ਕਈ ਲੋਕ ਇਸ ਦੇ ਨਾਲ ਜੁੜ ਗਏ ਹਨ। ਸੋਸਾਇਟੀ ਮੈਂਬਰਾਂ ਨੇ ਸ਼ਹਿਰ 'ਚ ਨਿੰਮ ਸਮੇਤ ਦੋ ਕਿਸਮ ਦੇ ਬੂਟੇ ਲਗਾਏ ਹਨ। ਦੋ ਹੀ ਕਿਸਮ ਦੇ ਬੂਟੇ ਲਗਾਉਣ ਦਾ ਉਦੇਸ਼ ਹਵਾ ਪ੍ਰਦੂਸ਼ਣ ਘੱਟ ਕਰਨਾ ਹੈ। ਸੁਸਾਇਟੀ ਦਾ ਏਜੰਡਾ ਵਾਤਾਵਰਣ ਦੀ ਸੁਰੱਖਿਆ ਹੈ। 

ਤਿੰਨ ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ 
ਸੋਸਾਇਟੀ ਮੈਂਬਰਸ ਦੇ ਨਾਲ 9 ਲੋਕ ਹੋਰ ਜੁੜੇ ਹਨ ਅਤੇ ਲੋਕ ਵੀ ਉਨ੍ਹਾਂ ਨੂੰ ਬੂਟੇ ਲਗਾਉਣ 'ਚ ਪੂਰਾ ਸਹਿਯੋਗ ਦੇ ਰਹੇ ਹਨ। ਅੱਜ ਸ਼ਹਿਰ 'ਚ ਜੇਕਰ ਨਿੰਮ ਦਾ ਦਰੱਖਤ ਫਲਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਉਹ ਸੋਸਾਇਟੀ ਦੀ ਹੀ ਦੇਣ ਹੈ। ਸੋਸਾਇਟੀ ਦੇ ਪ੍ਰਧਾਨ ਰਾਜਿੰਦਰ ਪਾਲ ਸਿੰਘ ਦੱਸਦੇ ਹਨ ਕਿ 250 ਦੇ ਕਰੀਬ ਮੈਡੀਕਲ ਕੈਂਪ ਲਗਾਉਣ ਦੇ ਬਾਅਦ 2015 'ਚ ਵਾਤਾਵਰਣ ਸਾਂਭ-ਸੰਭਾਲ ਦਾ ਮਨ ਬਣਾਇਆ ਸੀ ਅਤੇ ਉਦੋਂ ਤੋਂ ਹੀ ਬੂਟੇ ਲਗਾਉਣ ਦਾ ਕੰਮ ਕਰ ਰਹੇ ਹਨ। ਸੁਸਾਇਟੀ 'ਚ ਈ. ਟੀ. ਓ. ਮਨਜੀਤ ਸਿੰਘ ਚੇਅਰਮੈਨ, ਸੁਰਜੀਤ ਸਿੰਘ, ਓਂਕਾਰ ਸਿੰਘ ਵਿਰਦੀ, ਗੁਰਮੀਤ ਸਿੰਘ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਰੇਟਰੀ ਪਰਮਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਲਖਵਿੰਦਰ ਸਿੰਘ, ਜਗਜੀਤ ਸਿੰਘ, ਰਾਜਿੰਦਰ ਸਿੰਘ, ਨਰੇਸ਼ ਕੌੜਾ, ਸਰਬਜੀਤ ਸਿੰਘ ਲਾਡੀ, ਦਵਿੰਦਰ ਸਿੰਘ, ਕਰਮਜੀਤ ਸਿੰਘ ਰਿਟਾਇਰਡ ਏ. ਐੱਸ. ਆਈ. ਬਖਸ਼ੀਸ਼ ਸਿੰਘ ਵੀ ਮੈਂਬਰ ਹਨ। 

ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਪਲਾਂਟੇਸ਼ਨ ਦੀ ਤਿਆਰੀ 
ਰਾਜਿੰਦਰ ਪਾਲ ਸਿੰਘ ਦੱਸਦੇ ਹਨ ਕਿ ਪਲਾਂਟੇਸ਼ਨ ਦਾ ਅਗਲਾ ਪ੍ਰੋਸੈਸ ਜਲੰਧਰ-ਅੰਮ੍ਰਿਤਸਰ ਹਾਈਵੇਅ ਦੇ ਸੈਂਟਰਲ ਵਰਜ 'ਤੇ ਬੂਟੇ ਲਗਾਉਣ ਦਾ ਹੋਵੇਗਾ। ਇਸ ਬਾਰੇ ਐੱਮ. ਐੱਚ-1 ਦੇ ਨਿਖਿਲ ਯਾਦਵ ਨਾਲ ਗੱਲਬਾਤ ਚੱਲ ਰਹੀ ਹੈ, ਅਪਰੂਵਲ ਮਿਲਦੇ ਹੀ ਪੀ. ਏ. ਪੀ.ਤੋਂ ਕਰਤਾਰਪੁਰ ਤੱਕ ਬੂਟੇ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦਾ ਸਹਿਯੋਗ ਮਿਲੇ ਤਾਂ ਹੋਰ ਵੀ ਕੰਮ ਜਲਦੀ ਹੋਵੇਗਾ। 
ਰਾਜਿੰਦਰ ਪਾਲ ਸਿੰਘ, ਪਰਮਿੰਦਰ ਸਿੰਘ, ਕਰਮਜੀਤ ਸਿੰਘ, ਬਖਸ਼ੀਸ਼ ਸਿੰਘ ਰੋਜ਼ਾਨਾ ਟੈਂਪੂ 'ਤੇ ਸੁਸਾਇਟੀ ਦੇ ਨਾਂ ਦੀ ਡਰੈੱਸ 'ਚ ਪਹਿਨ ਕੇ ਨਿਕਲਦੇ ਹਨ। ਸੜਕਾਂ ਦੇ ਕਿਨਾਰੇ ਲੱਗੇ ਬੂਟਿਆਂ ਦੀ ਦੇਖਭਾਲ ਕਰਦੇ ਹਨ ਅਤੇ ਪਾਣੀ ਦਿੰਦੇ ਹਨ। ਉਨ੍ਹਾਂ ਦਾ ਉਦੇਸ਼ ਬੂਟੇ ਲਗਾਉਣੇ ਅਤੇ ਸਾਂਭ-ਸੰਭਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਬੂਟਿਆਂ ਦੀ ਦੇਖਭਾਲ ਬੱਚਿਆਂ ਵਾਂਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਬੂਟੇ ਸੈਂਟਰਲ ਵਰਜ 'ਚ ਲਗਾਏ ਹਨ ਪਰ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਟੁੱਟ ਜਾਂਦੇ ਹਨ। ਅਜਿਹੇ ਬੂਟੇ ਫਿਰ ਤੋਂ ਠੀਕ ਕਰਨੇ ਪੈਂਦੇ ਹਨ।