ਪੈਟਰੋਲ ਤੇ ਡੀਜ਼ਲ ''ਤੇ ਜ਼ਿਆਦਾ ਵੈਟ ਹੋਣ ਦੇ ਬਾਵਜੂਦ ਵੈਟ ਵਸੂਲੀ ਕਰਨ ''ਚ ਹਰਿਆਣਾ ਤੋਂ ਪਿਛੜਿਆ ਪੰਜਾਬ

09/17/2018 1:57:58 PM

ਜਲੰਧਰ— ਡੀਜ਼ਲ ਅਤੇ ਪੈਟਰੋਲ 'ਤੇ ਜ਼ਿਆਦਾ ਵੈਟ ਹੋਣ ਦੇ ਬਾਵਜੂਦ ਅਤੇ ਇਸ ਵਾਰ ਮਹਿੰਗੇ ਹੋਣ ਦੇ ਸਾਰੇ ਰਿਕਾਰਡ ਟੁੱਟਣ ਤੋਂ ਬਾਅਦ ਵੀ ਪੰਜਾਬ ਵੈਟ ਵਸੂਲੀ ਮਾਮਲੇ 'ਚ ਹਰਿਆਣਾ ਤੋਂ ਬੁਰੀ ਤਰ੍ਹਾਂ ਨਾਲ ਪਿੱਛੜ ਗਿਆ ਹੈ ਅਤੇ ਵੈਟ ਵਸੂਲੀ ਦਾ ਫਰਕ ਹੀ ਜਿਹੜਾ ਕਿ ਕਦੇ 1500 ਤੋਂ ਲੈ ਕੇ 1600 ਕਰੋੜ ਦੇ ਕਰੀਬ ਸੀ ਹੁਣ ਇਹ ਫਰਕ 2000 ਕਰੋੜ ਹੋ ਗਿਆ ਹੈ।  
ਕਿਹਾ ਜਾਂਦਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਮਹਿੰਗਾ ਹੋਣ ਨਾਲ ਹੀ 300 ਕਰੋੜ ਦੇ ਕਰੀਬ ਵੈਟ ਵਸੂਲੀ ਘੱਟ ਗਈ ਹੈ। ਹੁਣ ਤੱਕ ਪੰਜਾਬ ਦਾ ਜੀ. ਐੱਸ. ਟੀ. ਵਿਭਾਗ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਦੀ ਦਰ ਇਸ ਕਰਕੇ ਨਹੀਂ ਘਟਾ ਰਿਹਾ ਸੀ, ਕਿਉਂਕਿ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਜੇਕਰ ਵੈਟ ਦੀਆਂ ਦਰਾਂ ਘਟਾਈਆਂ ਗਈਆਂ ਤਾਂ ਵੈਟ ਵਸੂਲੀ ਘੱਟ ਜਾਏਗੀ ਪਰ ਹੁਣ ਨਵੇਂ ਆਏ ਅੰਕੜਿਆਂ ਨੇ ਵਿਭਾਗ ਦੇ ਦਾਅਵਿਆਂ ਦਾ ਪਰਦਾ ਵੀ ਉਤਾਰ ਦਿੱਤਾ ਹੈ, ਕਿਉਂਕਿ ਜ਼ਿਆਦਾ ਵੈਟ ਦਰਾਂ ਹੋਣ ਦੇ ਬਾਵਜੂਦ ਪੰਜਾਬ ਆਪਣੇ ਗੁਆਂਢੀ ਰਾਜ ਤੋਂ ਪਿੱਛੇ ਰਹਿ ਗਿਆ ਹੈ। ਪੀ. ਪੀ. ਏ. ਸੀ. (ਪੈਟਰੋਲੀਅਮ ਪਲੇਨਿੰਗ ਐਂਡ ਐਨਾਲਾਈਸਿਸ ਸੈੱਲ) ਦੇ ਨਵੇਂ ਜਾਰੀ ਹੋਏ ਅੰਕੜਿਆਂ 'ਚ ਇਸ ਵਸੂਲੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਮੁਤਾਬਕ ਸਾਲ 2014-15 'ਚ ਪੰਜਾਬ ਨੂੰ ਪੈਟਰੋਲ ਅਤੇ ਡੀਜ਼ਲ ਤੋਂ 4179 ਕਰੋੜ ਰੁਪਏ ਦੀ ਵੈਟ ਵਸੂਲੀ ਆਈ ਅਤੇ ਸਾਲ 2015-16 'ਚ ਇਹ ਵੱਧ ਕੇ 4907 ਕਰੋੜ, ਸਾਲ 2016-17 'ਚ ਇਹ ਵਸੂਲੀ 5833 ਕਰੋੜ ਅਤੇ ਸਾਲ 2017-18 'ਚ ਇਹ ਵਸੂਲੀ ਘੱਟ ਕੇ 5658 ਕਰੋੜ ਰਹਿ ਗਈ ਸੀ। ਇਸੇ ਤਰ੍ਹਾਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ 'ਚ ਪੈਟਰੋਲ ਅਤੇ ਡੀਜ਼ਲ ਤੋਂ ਵੈਟ ਵਸੂਲੀ ਸਾਲ 2014-15 'ਚ 5112 ਕਰੋੜ, ਸਾਲ 2015-16 'ਚ 5977 ਕਰੋੜ, ਸਾਲ 2016-17 'ਚ 7000 ਕਰੋੜ ਅਤੇ ਸਾਲ 2017-18 'ਚ ਇਹ ਵਸੂਲੀ ਵੱਧ ਕੇ 7655 ਕਰੋੜ ਤੱਕ ਪੁੱਜ ਗਈ ਹੈ।  

ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਬੁਲਾਰੇ ਮਾਟੀ ਸਹਿਗਲ ਨੇ ਕਿਹਾ ਕਿ ਉਹ ਕਈ ਵਾਰ ਸਰਕਾਰ ਕੋਲ ਮਸਲਾ ਉਠਾਉਂਦੇ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਵੈਟ ਦਰ ਨਾ ਘਟਾਈ ਤਾਂ ਉਨ੍ਹਾਂ ਦੀ ਵੈਟ ਵਸੂਲੀ ਘੱਟ ਜਾਵੇਗੀ ਅਤੇ ਇਹ ਖਦਸ਼ਾ ਸਹੀ ਸਾਬਤ ਹੋ ਗਿਆ ਹੈ, ਕਿਉਂਕਿ ਲੋਕਾਂ ਨੇ ਪੈਟਰੋਲ, ਡੀਜ਼ਲ ਦੇ ਮਹਿੰਗੇ ਹੋਣ ਕਰਕੇ ਇਸ ਦੀ ਖਰੀਦ ਹਰਿਆਣਾ ਵੱਲ ਵਧਾ ਦਿੱਤੀ ਹੈ। 

ਪੰਜਾਬ ਤੋਂ ਹਰਿਆਣਾ ਇਸ ਸਾਲ 11 ਜੂਨ 2018 ਤੱਕ 2000 ਕਰੋੜ ਰੁਪਏ ਅੱਗੇ ਨਿਕਲ ਗਿਆ ਹੈ। ਇਸ ਵੇਲੇ ਪੰਜਾਬ 'ਚ ਪੈਟਰੋਲ 'ਤੇ ਵੈਟ ਦੀ ਦਰ 35.25 ਫੀਸਦੀ ਅਤੇ ਡੀਜ਼ਲ 'ਤੇ 16.82 ਫ਼ੀਸਦੀ ਜਦਕਿ ਹਰਿਆਣਾ 'ਚ ਪੈਟਰੋਲ 'ਤੇ 26.25 ਫ਼ੀਸਦੀ ਤੇ ਡੀਜ਼ਲ 'ਤੇ 14.36 ਫੀਸਦੀ ਵੈਟ ਦੀ ਦਰ ਹੈ, ਜਦਕਿ ਚੰਡੀਗੜ੍ਹ 'ਚ ਪੈਟਰੋਲ 'ਤੇ 19.76 ਫੀਸਦੀ ਅਤੇ ਡੀਜ਼ਲ'ਤੇ 11.42 ਫੀਸਦੀ ਵੈਟ ਦੀ ਦਰ ਹੈ। ਪੰਜਾਬ ਦਾ ਜੀ. ਐੱਸ. ਟੀ. ਵਿਭਾਗ ਅਤੇ ਵਿੱਤ ਵਿਭਾਗ ਹੁਣ ਤੱਕ ਇਹੋ ਮੰਨ ਕੇ ਚੱਲ ਰਹੇ ਸੀ ਕਿ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਦੀ ਦਰ ਜ਼ਿਆਦਾ ਹੈ। ਇਸ ਕਰਕੇ ਉਨ੍ਹਾਂ ਦੀ ਵੈਟ ਵਸੂਲੀ ਜ਼ਿਆਦਾ ਆ ਰਹੀ ਹੈ ਪਰ ਪੈਟਰੋਲ ਅਤੇ ਡੀਜ਼ਲ ਦੀ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੀ ਵਸੂਲੀ ਨੇ ਇਹ ਭੁਲੇਖੇ ਦੂਰ ਕਰ ਦਿੱਤੇ ਹਨ। ਇਸ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੂਜੇ ਰਾਜਾਂ ਤੋਂ ਸਸਤਾ ਪੈਟਰੋਲ ਅਤੇ ਡੀਜ਼ਲ ਪੰਜਾਬ 'ਚ ਤਸਕਰੀ ਰਾਹੀਂ ਲਿਆ ਕੇ ਵੇਚਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਪੰਜਾਬ ਦੇ ਸਰਹੱਦੀ ਪੰਪਾਂ ਦੀ ਜਗ੍ਹਾ ਇਨ੍ਹਾਂ ਇਲਾਕਿਆਂ ਦੇ ਲੋਕ ਹਰਿਆਣਾ ਦੇ ਪੈਟਰੋਲ ਪੰਪਾਂ ਤੋਂ ਪੈਟਰੋਲ, ਡੀਜ਼ਲ ਦੀ ਵਿੱਕਰੀ ਕਰਨ 'ਚ ਅੱਗੇ ਹੋ ਗਏ ਹਨ। ਇਸ ਸਾਲ ਦੀ ਵਸੂਲੀ ਨੇ ਵੀ ਦੱਸ ਦਿੱਤਾ ਹੈ ਕਿ ਲਗਾਤਾਰ ਮਹਿੰਗੇ ਹੁੰਦੇ ਪੈਟਰੋਲ, ਡੀਜ਼ਲ ਕਰਕੇ ਅਤੇ ਵੈਟ ਦੀ ਦਰ ਜ਼ਿਆਦਾ ਹੋਣ ਕਰਕੇ ਲੋਕਾਂ ਨੇ ਹਰਿਆਣਾ ਤੋਂ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਵਧਾ ਦਿੱਤੀ ਹੈ।