ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ ''ਚ ਜੰਮ ਕੇ ਕੀਤਾ ਪ੍ਰਦਰਸ਼ਨ

05/30/2022 4:25:34 PM

ਜਲੰਧਰ (ਚੋਪੜਾ)- ਸਿੱਧੂ ਮੂਸੇਵਾਲਾ ਹੱਤਿਆ ਕਾਂਡ ਅਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ ਵਿਚ ਵੈਸਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਾਜ਼ਰ ਕਾਂਗਰਸ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਸੁਸ਼ੀਲ ਰਿੰਕੂ ਨੇ ਮੂਸੇਵਾਲਾ ਦੀ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਸਿਆਸੀ ਸਾਜ਼ਿਸ਼ ਤਹਿਤ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੀਤੇ ਦਿਨ ਹੀ 424 ਵੀ. ਆਈ. ਪੀ. ਲੋਕਾਂ ਦੀ ਸਕਿਓਰਿਟੀ ਵਾਪਸ ਲਈ ਹੈ, ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਅੱਤਵਾਦੀ ਸੰਗਠਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਲਿਸਟ ਵਿਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ। ਇਸ ਲਿਸਟ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਹੀ ਉਸ ਦਾ ਕਤਲ ਹੋਇਆ ਹੈ, ਜਦਕਿ ਅਜਿਹੀ ਲਿਸਟ ਬੇਹੱਦ ਕਾਨਫੀਡੈਂਸ਼ੀਅਲ ਹੁੰਦੀ ਹੈ, ਜੋ ਕਿ ਡੀ. ਜੀ. ਪੀ. ਵੱਲੋਂ ਵੱਖ-ਵੱਖ ਜ਼ਿਲਿਆਂ ਵਿਚ ਵੱਖ-ਵੱਖ ਅਫ਼ਸਰਾਂ ਨੂੰ ਜਾਰੀ ਕੀਤੀ ਜਾਂਦੀ ਹੈ। ਇਹ ਲਿਸਟ ਸੋਸ਼ਲ ਮੀਡੀਆ ’ਤੇ ਕਿਸ ਤਰ੍ਹਾਂ ਵਾਇਰਲ ਹੋਈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ਦੀ ਬਾਸਕਟਬਾਲ ਗਰਾਊਂਡ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਰਿੰਕੂ ਨੇ ਕਿਹਾ ਕਿ ਲਿਸਟ ਵਾਇਰਲ ਹੋਣ ਨਾਲ ਹੀ ਮੂਸੇਵਾਲਾ ਦੇ ਹੱਤਿਆਰਿਆਂ ਨੂੰ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਸ ਦੀ ਸਕਿਓਰਿਟੀ ਵਾਪਸ ਲੈ ਲਈ ਗਈ ਹੈ, ਜਿਸ ਕਾਰਨ ਘਟਨਾ ਨੂੰ ਆਸਾਨੀ ਨਾਲ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹੱਤਿਆ ਲਈ ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਇਸ ਘਟਨਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਇਸ ਤਰ੍ਹਾਂ ਦੇ ਗਲਤ ਫੈਸਲੇ ਪੰਜਾਬ ਸਰਕਾਰ ਵੱਲੋਂ ਲਏ ਜਾਂਦੇ ਰਹੇ ਤਾਂ ਕਾਂਗਰਸ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰੇਗੀ। ਇਸ ਮੌਕੇ ਸੂਬਾਈ ਕਾਂਗਰਸ ਦੇ ਸਕੱਤਰ ਸੁਰਿੰਦਰ ਚੌਧਰੀ, ਅਸ਼ਵਨੀ ਜੰਗਰਾਲ, ਰਾਜੇਸ਼ ਅਗਨੀਹੋਤਰੀ, ਤਰਸੇਮ ਥਾਪਾ, ਮੌਂਟੂ ਸਿੰਘ, ਰਾਜ ਕੁਮਾਰ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News