ਕੂੜੇ ਦੇ ਡੰਪ ’ਤੇ ਮਾਤਾ ਰਾਣੀ ਦੀ ਤਸਵੀਰ ਲਾਉਣ ਦੇ ਮਾਮਲੇ ’ਚ ਪੁਲਸ ਨੂੰ ਦਿੱਤੀ ਸ਼ਿਕਾਇਤ

10/17/2021 5:30:47 PM

ਜਲੰਧਰ (ਜ. ਬ.)– ਮਾਤਾ ਰਾਣੀ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਰੁਦਰ ਸੈਨਾ ਸੰਗਠਨ ਵੱਲੋਂ ਡੀ. ਸੀ. ਪੀ. ਗੁਰਮੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ। ਸੰਗਠਨ ਨੇ ਇਸ ਮਾਮਲੇ ਵਿਚ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਸ ’ਤੇ ਪੁਲਸ ਪ੍ਰਸ਼ਾਸਨ ਵੱਲੋਂ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਇਸ ਮੌਕੇ ਸੰਗਠਨ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਨਾਤਨ ਸੱਭਿਆਚਾਰ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੂਰਾ ਸਮਾਜ ਅਜਿਹੇ ਲੋਕਾਂ ਖ਼ਿਲਾਫ਼ ਸੜਕਾਂ ’ਤੇ ਉਤਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿਆਸਤ ਦੇ ਨਾਂ ’ਤੇ ਕੁਝ ਲੋਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੁਦਰ ਸੈਨਾ ਸੰਗਠਨ ਵੱਲੋਂ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦਾ ਜੰਮ ਕੇ ਵਿਰੋਧ ਕੀਤਾ ਗਿਆ। ਉਨ੍ਹਾਂ ਡੀ. ਸੀ. ਪੀ. ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਵਿਚ ਬੋਰਡ ਲੁਆਏ ਗਏ ਸਨ, ਜਿਨ੍ਹਾਂ ’ਤੇ ਮਾਤਾ ਰਾਣੀ ਦੀ ਤਸਵੀਰ ਵੀ ਲੱਗੀ ਹੋਈ ਸੀ। ਉਕਤ ਬੋਰਡ ਕੂੜੇ ਦੀ ਕੰਧ ’ਤੇ ਲਾ ਦਿੱਤਾ ਗਿਆ। ਆਮ ਆਦਮੀ ਪਾਰਟੀ ਦਾ ਵਿਰੋਧ ਕਰਦਿਆਂ ਰੁਦਰ ਸੈਨਾ ਅਤੇ ਹੋਰ ਹਿੰਦੂ ਸੰਗਠਨਾਂ ਨੇ ਦੋਆਬਾ ਚੌਕ ਵਿਚ ਕੇਜਰੀਵਾਲ ਦੇ ਬੋਰਡਾਂ ’ਤੇ ਕਾਲਖ ਵੀ ਮਲੀ ਸੀ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ

ਰੁਦਰ ਸੈਨਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਹੋਈ ਤਾਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੂਜੇ ਪਾਸੇ ਡੀ. ਸੀ.ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਉਨ੍ਹਾਂ ਦੇ ਧਿਆਨ ਵਿਚ ਹੈ। ਮਾਮਲਾ ਜਾਂਚ ਲਈ ਏ. ਡੀ. ਸੀ. ਪੀ. ਹੈੱਡਕੁਆਰਟਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸੰਗਠਨ ਦੇ ਚੇਅਰਮੈਨ ਦਿਆਲ ਵਰਮਾ, ਮੋਹਿਤ ਸ਼ਰਮਾ, ਪ੍ਰਧਾਨ ਦਿਨੇਸ਼ ਕੁਮਾਰ, ਐਡਵੋਕੇਟ ਵਿਕਾਸ ਭਾਰਦਵਾਜ, ਵਿਸ਼ਾਲ ਸ਼ਰਮਾ, ਮੁਨੀਸ਼ ਸ਼ਰਮਾ, ਨਿਤਿਨ ਸ਼ਰਮਾ, ਗਗਨ ਬਮੋਤਰਾ, ਕੁਨਾਲ ਅਗਰਵਾਲ ਅਤੇ ਸ਼ੁਭਮ ਸ਼ਰਮਾ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri