ਅਵਤਾਰ ਹੈਨਰੀ ਤੇ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ''ਚ ਵਰਕਰਾਂ ਨੇ ਰੋਸ ਪ੍ਰਦਰਸ਼ਨ

09/11/2018 4:26:17 PM

ਜਲੰਧਰ (ਚੋਪੜਾ)— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਬਾਵਾ ਹੈਨਰੀ ਨੇ ਨਾਰਥ ਹਲਕੇ ਤੋਂ ਵੱਡੀ ਗਿਣਤੀ 'ਚ ਸਮਰਥਕਾਂ ਦੇ ਨਾਲ ਭਾਰਤ ਬੰਦ ਨੂੰ ਕਾਫੀ ਹੱਦ ਤੱਕ ਸਫਲ ਬਣਾਇਆ। ਸਥਾਨਕ ਕਰਤਾਰ ਬੱਸ ਸਰਵਿਸ ਵਿਚ ਵੱਡੀ ਗਿਣਤੀ 'ਚ ਇਕੱਠੇ ਹੋਏ ਵਰਕਰਾਂ, ਕੌਂਸਲਰਾਂ ਅਤੇ ਅਹੁਦੇਦਾਰਾਂ ਨਾਲ ਹਲਕੇ ਨਾਲ ਸਬੰਧਤ ਬਾਜ਼ਾਰਾਂ 'ਚ ਪੈਦਲ ਮਾਰਚ ਕੱਢਿਆ। ਬੀਤੇ ਦਿਨ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਕਾਂਗਰਸ ਦੀ ਬੰਦ ਦੀ ਕਾਲ ਨੂੰ ਜ਼ਿਆਦਾਤਰ ਦੁਕਾਨਦਾਰਾਂ, ਵਪਾਰਕ ਸੰਗਠਨਾਂ ਨੇ ਆਪਣੇ ਕਾਰੋਬਾਰ ਨੂੰ ਬੰਦ ਰੱਖ ਕੇ ਕਾਂਗਰਸ ਨੂੰ ਸਮਰਥਨ ਦਿੱਤਾ। ਇਸ ਦੌਰਾਨ ਮੌਜੂਦ ਲੋਕਾਂ ਦੇ ਇਕੱਠ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪੈਦਲ ਮਾਰਚ ਓਲਡ ਰੇਲਵੇ ਰੋਡ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾਂ ਗੇਟ, ਮਿੱਠਾ ਬਾਜ਼ਾਰ, ਭੈਰੋਂ ਬਾਜ਼ਾਰ, ਅਟਾਰੀ ਬਾਜ਼ਾਰ, ਪੰਜਪੀਰ ਬਾਜ਼ਾਰ, ਭਗਤ ਸਿੰਘ ਚੌਕ ਤੋਂ ਹੁੰਦਾ ਹੋਇਆ ਫਗਵਾੜਾ ਗੇਟ ਜਾ ਕੇ ਸਮਾਪਤ ਹੋਇਆ।

ਅਵਤਾਰ ਹੈਨਰੀ ਨੇ ਆਪਣੇ ਸੰਬੋਧਨ 'ਚ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਰਾਜ ਵਿਚ ਬਹੁਤ ਸਾਰੇ ਅਜਿਹੇ ਕੰਮ ਹੋਏ, ਜੋ ਦੇਸ਼ ਦੇ ਹਿੱਤ ਵਿਚ ਨਹੀਂ ਸਨ। ਨੋਟਬੰਦੀ ਤੋਂ ਬਾਅਦ ਜੀ. ਐੱਸ. ਟੀ. ਨੂੰ ਗਲਤ ਤਰੀਕੇ ਨਾਲ ਲਾਗੂ ਕਰਨਾ ਦੇਸ਼ ਲਈ ਬੇਹੱਦ ਮੰਦਭਾਗਾ ਸੀ। ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ। ਦੇਸ਼ 'ਚ ਹਾਹਾਕਾਰ ਮਚੀ ਹੋਈ ਹੈ ਪਰ ਪ੍ਰਧਾਨ ਮੰਤਰੀ ਮੋਦੀ 'ਤੇ ਕੋਈ ਅਸਰ ਨਹੀਂ ਹੈ। ਹੈਨਰੀ ਨੇ ਬੰਦ ਨੂੰ ਸਮਰਥਨ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਦੇਸ਼ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਅਤੇ ਮੋਦੀ ਜੀ ਜੁਮਲੇਬਾਜ਼ੀਆਂ ਵਿਚ ਮਸਰੂਫ ਹਨ। ਕੇਂਦਰ ਦੀ ਸਾਬਕਾ ਯੂ. ਪੀ. ਏ. ਸਰਕਾਰ ਦੇ ਰਾਜ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੇ ਬਾਵਜੂਦ ਪੈਟਰੋ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਬੋਝ ਆਮ ਜਨਤਾ 'ਤੇ ਨਹੀਂ ਪਾਇਆ ਗਿਆ, ਜਦੋਂਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਈਆਂ ਪਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਦੁੱਗਣੇ ਹੋ ਗਏ ਸਨ। 

ਉਨ੍ਹਾਂ ਕਿਹਾ ਕਿ ਗੈਸ ਸਿਲੰਡਰ 900 ਰੁਪਏ ਦਾ ਅੰਕੜਾ ਛੂਹ ਰਿਹਾ ਹੈ। ਜਨਤਾ ਅਗਲੀਆਂ ਲੋਕ ਸਭਾ ਚੋਣਾਂ ਉਡੀਕ ਰਹੀ ਹੈ ਤਾਂ ਜੋ ਮੋਦੀ ਦੇ ਇਸ ਹਿਟਲਰ ਰਾਜ ਤੋਂ ਮੁਕਤੀ ਮਿਲ ਸਕੇ। ਇਸ ਮੌਕੇ ਕੌਂਸਲਰ ਨਿਰਮਲ ਸਿੰਘ ਨਿੰਮਾ, ਗਿਆਨ ਚੰਦ ਸੋਢੀ, ਰਾਕੇਸ਼ ਗੁੰਨੂ, ਆਈ. ਪੀ. ਸਿੰਘ, ਕੁਲਦੀਪ ਭੁੱਲਰ, ਪ੍ਰੀਤ ਖਾਲਸਾ, ਰਵੀ ਸੈਣੀ, ਸੂਬਾ ਕਾਂਗਰਸ ਵਪਾਰ ਸੈੱਲ ਦੇ ਵਾਈਸ ਚੇਅਰਮੈਨ ਜਗਦੀਸ਼ ਸਿੰਘ ਲੱਕੀ, ਦੀਪਕ ਸ਼ਾਰਦਾ, ਵਿੱਕੀ ਕਾਲੀਆ, ਸਲਿਲ ਬਾਹਰੀ, ਰਾਜੇਸ਼ ਭੱਟੀ, ਰਤਨੇਸ਼ ਸੈਣੀ, ਹਰੀਪਾਲ ਸੋਂਧੀ, ਤਰਸੇਮ ਲਾਲ ਭਾਰਦਵਾਜ, ਸੁਮਿਤ ਬੇਰੀ, ਵਿਕਰਮ ਕੌਸ਼ਲ, ਰਮਿਤ ਦੱਤਾ, ਦੀਪਕ ਜੋਸ਼ੀ, ਹੈਪੀ ਸਾਗਰ, ਨਮਨ ਸੇਠੀ, ਪ੍ਰਭਜੋਤ ਸਿੰਘ ਅਤੇ ਹੋਰ ਵੀ ਮੌਜੂਦ ਸਨ।


Related News