ਪੁਲਸ ਮੁਲਾਜ਼ਮ ਵੱਲੋਂ ਬਦਸਲੂਕੀ ਕਰਨ ਦੇ ਮਾਮਲੇ ''ਚ ਵਾਲਮੀਕਿ ਭਾਈਚਾਰੇ ਨੇ ਲਾਇਆ ਧਰਨਾ

02/27/2020 1:30:28 PM

ਫਗਵਾੜਾ (ਹਰਜੋਤ)— ਹਰਗੋਬਿੰਦ ਨਗਰ 'ਚ ਸਥਿਤ ਨਾਕਾਬੰਦੀ ਦੌਰਾਨ ਇਕ ਪੁਲਸ ਅਧਿਕਾਰੀ ਵੱਲੋਂ ਮੰਗ ਪੱਤਰ ਦੇਣ ਜਾ ਰਹੇ ਵਾਲਮੀਕਿ ਭਾਈਚਾਰੇ ਨਾਲ ਗਲਤ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਮਾਹੌਲ ਤਣਾਅਪੂਰਵਕ ਹੋ ਗਿਆ। ਪੁਲਸ ਅਧਿਕਾਰੀ ਦੇ ਮਾੜੇ ਵਤੀਰੇ ਕਾਰਣ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਹਰਗੋਬਿੰਦ ਨਗਰ ਇਲਾਕੇ 'ਚ ਰੋਡ 'ਤੇ ਬੈਠ ਕੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਗਾ ਦਿੱਤਾ।

ਜਾਣਕਾਰੀ ਦਿੰਦੇ ਹੋਏ ਧਰਮਵੀਰ ਸੇਠੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਐੱਸ. ਪੀ. ਦਫਤਰ ਮੰਗ-ਪੱਤਰ ਦੇਣ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਜਾ ਰਹੇ ਸਾਥੀਆਂ ਨੂੰ ਹਰਗੋਬਿੰਦ ਨਗਰ 'ਚ ਸਥਿਤ ਬਲੱਡ ਬੈਂਕ ਦੇ ਬਾਹਰ ਖੜ੍ਹੇ ਪੁਲਸ ਮੁਲਾਜ਼ਮ ਨੇ ਰੋਕਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਗਲਤ ਸ਼ਬਦਾਵਲੀ ਅਤੇ ਗਲਤ ਵਿਹਾਰ ਕੀਤਾ, ਜਿਸ ਦੇ ਕਾਰਨ ਵਾਲਮੀਕਿ ਸਮਾਜ ਦੇ ਆਗੂਆਂ ਨੇ ਇਕੱਠੇ ਹੋ ਕੇ ਸੜਕ ਵਿਚਕਾਰ ਜਾਮ ਲੱਗਾ ਦਿੱਤਾ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਕਤ ਪੁਲਸ ਮੁਲਾਜ਼ਮ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਉਸ ਦੀ ਗਲਤੀ ਲਈ ਮੁਆਫੀ ਮੰਗਵਾਈ ਜਾਵੇ। ਸੂਚਨਾ ਮਿਲਦੇ ਸਾਰ ਡੀ. ਐੱਸ. ਪੀ. ਸੁਰਿੰਦਰ ਚਾਂਦ, ਐੱਸ. ਐੱਚ. ਓ. ਸਤਨਾਮਪੁਰਾ ਵਿਜੈਕੁੰਵਰ ਮੌਕੇ 'ਤੇ ਪੁੱਜੇ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਬਾਅਦ 'ਚ ਯੋਗ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਸੁਰਿੰਦਰ ਚਾਂਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ, ਜੋ ਪੀ. ਏ. ਪੀ. ਤੋਂ ਡਿਊਟੀ ਕਰਨ ਫਗਵਾੜਾ ਆਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਲਾਜ਼ਮ ਦੀ ਲੋਕਾਂ ਪ੍ਰਤੀ ਗਲਤ ਸ਼ਬਦਾਵਲੀ ਕਾਰਣ ਵਿਭਾਗ ਨੂੰ ਲਿਖਿਤ ਸ਼ਿਕਾਇਤ ਭੇਜ ਦਿੱਤੀ ਹੈ।

shivani attri

This news is Content Editor shivani attri