ਭਾਟੀਆ ਖਿਲਾਫ ਦਿੱਤੇ ਗਏ ਰੋਸ ਧਰਨੇ ’ਚ ਲੋਕਾਂ ਦਾ ਗੁੱਸਾ ਨਿਗਮ ਖਿਲਾਫ ਫੁੱਟਿਆ

08/27/2019 11:39:55 AM

ਜਲੰਧਰ (ਖੁਰਾਣਾ)— ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਵਾਰਡ ਨੰ. 45 ਦੀ ਕੌਂਸਲਰ ਜਸਪਾਲ ਕੌਰ ਭਾਟੀਆ ਵੱਲੋਂ ਬੀਤੇ ਦਿਨ ਬਬਰੀਕ ਚੌਕ ਸਥਿਤ ਨਿਗਮ ਦੇ ਜ਼ੋਨ ਆਫਿਸ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਦੌਰਾਨ ਲੋਕਾਂ ਦਾ ਨਿਗਮ ਪ੍ਰਤੀ ਗੁੱਸਾ ਫੁੱਟ ਪਿਆ ਅਤੇ ਸੈਂਕਡ਼ੇ ਲੋਕਾਂ ਨੇ ਦੇਰ ਤੱਕ ਨਿਗਮ ਵਿਰੋਧੀ ਨਾਅਰੇ ਲਾਏ। ਰੋਸ ਧਰਨਾ ਭਾਵੇਂ ਵਾਰਡ ਤੱਕ ਸੀਮਤ ਸੀ ਪਰ ਲੋਕਾਂ ਦੀ ਗਿਣਤੀ ਨੂੰ ਵੇਖਦੇ ਹੋਏ ਅਕਾਲੀ-ਭਾਜਪਾ ਪਾਰਟੀ ਦੇ ਸੀਨੀਅਰ ਆਗੂ ਇਸ ਵਿਚ ਸ਼ਾਮਲ ਹੋਏ। ਸਾਰਿਆਂ ਨੇ ਨਗਰ ਨਿਗਮ ਦੀ ਕਾਰਜਪ੍ਰਣਾਲੀ ਅਤੇ ਸ਼ਹਿਰ ਦੇ ਬੁਰੇ ਹਾਲਾਤ ਨੂੰ ਲੈ ਕੇ ਕਾਂਗਰਸ ਨੂੰ ਖੂਬ ਕੋਸਿਆ।

ਇਸ ਦੌਰਾਨ ਲੋਕਾਂ ਨੇ ਨਾਅਰੇ ਲਿਖੀਆਂ ਤਖਤੀਆਂ ਹੱਥਾਂ ਵਿਚ ਫਡ਼ੀਆਂ ਸਨ। ਭਾਟੀਆ ਨੇ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਉਨ੍ਹਾਂ ਦੇ ਵਾਰਡ ਦੀ ਬੁਰੀ ਹਾਲਤ ਹੋ ਚੁੱਕੀ ਹੈ। ਮੇਅਰ ਤੇ ਕਮਿਸ਼ਨਰ ਨੂੰ ਕਈ ਮੰਗ-ਪੱਤਰ ਵੀ ਦਿੱਤੇ ਪਰ ਕੋਈ ਵੀ ਸਮੱਸਿਆ ਹੱਲ ਨਹੀਂ ਹੋਈ। ਲੋਕਾਂ ਦੇ ਸਬਰ ਦਾ ਪੈਮਾਨਾ ਭਰ ਚੁੱਕਾ ਹੈ। ਜੇਕਰ ਹੁਣ ਵੀ ਹਾਲਾਤ ਨਾ ਸੁਧਰੇ ਤਾਂ 2 ਸਤੰਬਰ ਨੂੰ ਨਗਰ ਨਿਗਮ ਖਿਲਾਫ ਲਾਹਨਤ ਰੈਲੀ ਕੱਢੀ ਜਾਵੇਗੀ।
ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਮਹਿੰਦਰ ਭਗਤ, ਜ਼ਿਲਾ ਅਕਾਲੀ ਦਲ ਪ੍ਰਧਾਨ ਕੁਲਵੰਤ ਸਿੰਘ ਮੰਨਣ, ਅਮਿਤ ਸੰਧਾ, ਵਿਜੇ ਮਰਵਾਹਾ, ਵਿਪਨ ਸ਼ਰਮਾ, ਮੋਹਨ ਲਾਲ ਬੱਸੀ, ਚੇਤਨ ਛਿੱਬਰ, ਦੀਪਕ ਜੌਡ਼ਾ, ਵਰਿੰਦਰ ਅਰੋਡ਼ਾ, ਅਨੂ ਵਰਮਾ, ਗੁਰਪ੍ਰੀਤ ਥਾਪਾ, ਇੰਦਰਵੀਰ ਸਿੰਘ, ਦਰਸ਼ਨ ਸਿੰਘ ਗੁਲਾਟੀ, ਗੁਰਜੀਤ ਸਿੰਘ ਪੋਪਲੀ, ਵਰਿੰਦਰ ਸਿੰਘ ਚੀਮਾ, ਜਤਿੰਦਰ ਬਾਂਸਲ, ਰਮੇਸ਼ ਸ਼ਰਮਾ, ਦਵਿੰਦਰ ਖੇਡ਼ਾ, ਨੰਦ ਲਾਲ ਭਗਤ, ਹਰਬੰਸ ਭਗਤ, ਰਾਮ ਲਾਲ ਥਾਪਾ, ਸਤੀਸ਼ ਕੁਮਾਰ, ਸਲਿਲ ਘਈ, ਰੌਣਕ ਸਿੰਘ, ਰਿੱਕੀ ਖੰਨਾ, ਅਮਿਤ ਚਾਵਲਾ, ਚਰਨਜੀਤ ਮੱਕਡ਼, ਸੁਖਬੀਰ ਲਾਹੌਰੀਆ, ਕੁਲਵੰਤ ਸਿੰਘ ਦਾਲਮ ਆਦਿ ਸ਼ਾਮਲ ਸਨ।


ਇਹ ਹਨ ਭਾਟੀਆ ਦੇ ਵਾਰਡ ਦੀਆਂ ਸਮੱਸਿਆਵਾਂ

120 ਫੁੱਟੀ ਰੋਡ, ਗੋਬਿੰਦ ਨਗਰ ਏਰੀਏ ਵਾਲੀ ਸਡ਼ਕ, ਸ਼ਾਸਤਰੀ ਨਗਰ ਆਦਿ ਦੀਆਂ ਸਡ਼ਕਾਂ ਦੀ ਸਫਾਈ ਨਾ ਹੋਣ ਕਾਰਣ ਇਹ ਇਲਾਕਾ ਕੂਡ਼ੇ ਨਾਲ ਭਰ ਚੁੱਕਾ ਹੈ। ਸਫਾਈ ਲਈ ਲੱਗੇ ਥ੍ਰੀ-ਵ੍ਹੀਲਰ ਤੇ ਟ੍ਰਾਲੀਆਂ ਵੀ ਬੰਦ ਹੋ ਚੁੱਕੀਆਂ ਹਨ।

ਵਾਰਡ ਦੇ ਵਿਕਾਸ ਕੰਮ ਬਿਲਕੁਲ ਠੱਪ ਹਨ।

ਬਾਗ ਆਹਲੂਵਾਲੀਆ ਅਤੇ 120 ਫੁੱਟੀ ਰੋਡ ਦੀ ਸੀਵਰੇਜ ਦੀ ਸਮੱਸਿਆ ਪਹਿਲਾਂ ਨਾਲੋਂ ਵਧ ਗਈ ਹੈ।

ਬਰਸਾਤ ਦੇ ਦਿਨਾਂ ’ਚ ਪੂਰਾ ਇਲਾਕਾ ਡੁੱਬਣ ਲੱਗਾ ਹੈ। ਫੋਲਡ਼ੀਵਾਲ ਪਲਾਂਟ ਦੀ ਨਾਕਾਮੀ ਦੇ ਕਾਰਣ ਹੁਣ 18-18 ਘੰਟੇ ਬਾਅਦ ਬਰਸਾਤੀ ਪਾਣੀ ਨਿਕਲਦਾ ਹੈ।

ਵਾਰਡ ’ਚ ਲੱਗੀਆਂ ਸਟਰੀਟ ਲਾਈਟਾਂ ਤੇ 120 ਫੁੱਟੀ ਰੋਡ ’ਤੇ ਲੱਗੀਆਂ ਐੱਲ. ਈ. ਡੀ. ਲਾਈਟਾਂ ਬੰਦ ਹਨ।

ਵੱਖ-ਵੱਖ ਮੁਹੱਲਿਆਂ ਤੇ ਮੇਨ ਸਡ਼ਕਾਂ ਦੀ ਹਾਲਤ ਖਸਤਾ ਹੋ ਗਈ ਹੈ, ਜਿਸ ਕਾਰਣ ਪੈਚ ਵਰਕ ਤਕ ਨਹੀਂ ਲਾਏ ਜਾ ਰਹੇ।
ਨਿਊ ਗਾਂਧੀ ਨਗਰ ਰੋਡ ਹੁਣ ਕੂਡ਼ੇ ਨਾਲ ਭਰੀ
ਕੁਝ ਦਿਨ ਪਹਿਲਾਂ ਗਾਂਧੀ ਨਗਰ ਤੋਂ ਸੂਰਿਆ ਐਨਕਲੇਵ ਕਾਲੋਨੀਆਂ ਵਲ ਜਾਂਦੀ ਸਡ਼ਕ ’ਤੇ ਸੀਵਰੇਜ ਦੀ ਸਮੱਸਿਆ ਆਈ ਸੀ ਜਿਸ ਕਾਰਣ ਇਹ ਸਾਰਾ ਇਲਾਕਾ ਕਈ ਦਿਨ ਪਾਣੀ ਵਿਚ ਡੁੱਬਿਆ ਰਿਹਾ। ਕਈ ਹਫਤੇ ਬਾਅਦ ਸੀਵਰੇਜ ਦੀ ਸਮੱਸਿਆ ਤਾਂ ਠੀਕ ਹੋ ਗਈ ਪਰ ਹੁਣ ਨਿਊ ਗਾਂਧੀ ਨਗਰ ਰੋਡ ’ਤੇ ਇੰਨਾ ਕੂਡ਼ਾ ਜਮ੍ਹਾ ਹੋ ਗਿਆ ਹੈ ਕਿ ਪੂਰੇ ਇਲਾਕੇ ਵਿਚ ਬਦਬੂ ਫੈਲ ਰਹੀ ਹੈ। ਇਸ ਇਲਾਕੇ ਵਿਚ ਕਦੀ ਵੀ ਬੀਮਾਰੀਆਂ ਫੈਲ ਸਕਦੀਆਂ ਹਨ। ਲੋਕਾਂ ਨੇ ਦੱਸਿਆ ਨਿਗਮ ਕਰਮਚਾਰੀ ਆਲੇ-ਦੁਆਲੇ ਦੇ ਵਾਰਡਾਂ ਦਾ ਸਾਰਾ ਕੂਡ਼ਾ ਇਸ ਸਡ਼ਕ ਦੇ ਕਿਨਾਰੇ ਸੁੱਟ ਜਾਂਦੇ ਹਨ, ਜਿਸ ਨੂੰ ਕਈ-ਕਈ ਦਿਨ ਚੁੱਕਿਆ ਨਹੀਂ ਜਾਂਦਾ।
 


shivani attri

Content Editor

Related News