ਖਾਲੀ ਪੋਸਟਾਂ ਨਾ ਭਰਨ ਕਾਰਨ 19 ਤੋਂ ਡੀ. ਸੀ. ਦਫਤਰ ''ਚ ਅਣਮਿੱਥੇ ਸਮੇਂ ਲਈ ਹੜਤਾਲ

06/11/2019 10:11:59 AM

ਜਲੰਧਰ (ਪੁਨੀਤ)— ਡੀ. ਸੀ. ਦਫ਼ਤਰ 'ਚ ਵੱਡੇ ਪੱਧਰ 'ਤੇ ਖਾਲੀ ਪਈਆਂ ਪੋਸਟਾਂ ਭਰਨ 'ਚ ਹੋ ਰਹੀ ਦੇਰ ਦੇ ਖਿਲਾਫ ਦਿ ਪੰਜਾਬ ਸਟੇਟ ਡੀ. ਸੀ. ਦਫਤਰ ਇੰਪਲਾਈਜ਼ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਮੋਸ਼ਨ ਨਾ ਕਰਨ ਦਾ ਵਿਰੋਧ ਜਤਾਇਆ ਗਿਆ। ਡੀ. ਸੀ. ਦਫ਼ਤਰ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਬੁਲਾਰਿਆਂ ਨੇ ਕਿਹਾ ਕਿ ਡੀ. ਸੀ. ਦਫਤਰ 'ਚ ਸਹਾਇਕ, ਪੀ. ਏ. ਟੂ. ਡੀ. ਸੀ., ਸੀਨੀਅਰ ਸਕੇਲ ਸਟੈਨੋਗ੍ਰਾਫਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪੋਸਟਾਂ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈਆਂ ਹਨ ਪਰ ਵਾਰ-ਵਾਰ ਭਰੋਸਾ ਦਿਵਾਉਣ ਦੇ ਬਾਵਜੂਦ ਇਨ੍ਹਾਂ ਪੋਸਟਾਂ ਨੂੰ ਭਰਿਆ ਨਹੀਂ ਜਾ ਰਿਹਾ। ਧਰਨੇ ਦੌਰਾਨ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਪੋਸਟਾਂ ਭਰੀਆਂ ਨਾ ਗਈਆਂ ਤਾਂ ਉਹ 11 ਜੂਨ ਤੋਂ ਕੰਮ 'ਤੇ ਨਹੀਂ ਆਉਣਗੇ। ਉਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਐਸੋਸੀਏਸ਼ਨ ਦੇ ਨਾਲ ਮੁਲਾਕਾਤ ਕਰਕੇ ਕੁਝ ਦਿਨ ਦਾ ਸਮਾਂ ਮੰਗਿਆ ਗਿਆ। ਸਟੇਟ ਬਾਡੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ 19 ਜੂਨ ਤੱਕ ਦਾ ਸਮਾਂ ਦਿੱਤਾ ਹੈ, ਜੇਕਰ ਇਸ ਸਮੇਂ ਦੌਰਾਨ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਗੇ।

ਧਰਨੇ ਦੀ ਅਗਵਾਈ ਕਰ ਰਹੇ ਪ੍ਰਧਾਨ ਤਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਮਹੀਨੇ 13 ਮਈ ਨੂੰ ਜੋ ਮੀਟਿੰਗ ਹੋਈ ਸੀ, ਜਿਸ 'ਚ ਖਾਲੀ ਪੋਸਟਾਂ ਭਰਨ ਲਈ 28 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਮੰਗਾਂ ਪੂਰੀਆਂ ਨਾ ਹੋਣ 'ਤੇ ਕਰਮਚਾਰੀਆਂ ਵੱਲੋਂ ਐਡੀਸ਼ਨਲ ਚਾਰਜ ਛੱਡਣ ਦਾ ਫੈਸਲਾ ਲਿਆ ਗਿਆ ਸੀ। 28 ਮਈ ਨੂੰ ਕਰਮਚਾਰੀਆਂ ਨੇ ਐਡੀਸ਼ਨਲ ਚਾਰਜ ਛੱਡ ਦਿੱਤਾ, ਜਿਸ 'ਤੇ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਕਦਮ ਉਠਾਉਂਦਿਆਂ ਕਰਮਚਾਰੀਆਂ ਦੀ ਤਰੱਕੀ ਦੀ ਫਾਈਲ ਨੂੰ ਅੱਗੇ ਭਿਜਵਾ ਦਿੱਤਾ। ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਾਈਲ ਦੇ ਸਬੰਧ 'ਚ ਪਤਾ ਲੱਗਾ ਹੈ ਕਿ ਫਾਈਲ ਅੱਗੇ ਨਹੀਂ ਵੱਧ ਸਕੀ ਹੈ, ਇਸ ਕਾਰਣ ਰੋਸ ਜਤਾਇਆ ਗਿਆ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਐਸੋਸੀਏਸ਼ਨ ਨਾਲ ਮੁਲਾਕਾਤ ਕਰਕੇ ਕੁਝ ਦਿਨਾਂ 'ਚ ਫਾਈਲ ਕਲੀਅਰ ਹੋਣ ਦਾ ਭਰੋਸਾ ਦਿੱਤਾ। ਕਰਮਚਾਰੀਆਂ ਨੇ ਕਿਹਾ ਕਿ 18 ਜੂਨ ਤੱਕ ਜੇਕਰ ਫਾਈਲ ਕਲੀਅਰ ਨਾ ਹੋ ਸਕੀ ਤਾਂ 19 ਜੂਨ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ, ਜਿਸ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਧਰਨੇ ਦੌਰਾਨ ਕਮਲਜੀਤ ਕਲਿਆਣ, ਮਹੇਸ਼ ਕੁਮਾਰ, ਨਰੇਸ਼ ਕੁਮਾਰ, ਮੁਲਖ ਰਾਜ, ਰਾਕੇਸ਼ ਅਰੋੜਾ, ਸ਼ਿਸ਼ਭ ਅਰੋੜਾ, ਸੁਖਵਿੰਦਰ ਕੁਮਾਰ, ਉਮੰਗ ਸ਼ਰਮਾ, ਦਵਿੰਦਰਪਾਲ ਸਿੰਘ, ਪੂਰਣ ਚੰਦ, ਬਲਵੰਤ ਸਿੰਘ, ਅਮਰੀਕ ਸਿੰਘ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਅਨੁਦੀਪ, ਸੁਰਿੰਦਰ ਕੌਰ, ਸੁਮਨ ਬਾਲਾ, ਇੰਦੂ ਬਾਲਾ, ਹਰਮੇਸ਼ ਰਾਣੀ ਤੇ ਹੋਰ ਮੌਜੂਦ ਸਨ।

ਕਈ ਦਿਨਾਂ ਬਾਅਦ ਡੀ. ਸੀ. ਦਫ਼ਤਰ 'ਚ ਪਰਤੀ ਰੌਣਕ
ਸਰਕਾਰੀ ਛੁੱਟੀਆਂ ਤੇ ਹੜਤਾਲ ਕਾਰਨ 1 ਜੂਨ ਤੋਂ 9 ਜੂਨ ਤੱਕ ਡੀ. ਸੀ. ਦਫ਼ਤਰ 'ਚ ਸਿਰਫ 2 ਦਿਨ ਹੀ ਕੰਮਕਾਜ ਹੋਇਆ, ਜਿਸ ਕਾਰਨ ਪੈਂਡੈਂਸੀ ਆਫ ਵਰਕ ਕਾਫੀ ਜ਼ਿਆਦਾ ਹੋ ਚੁੱਕਾ ਹੈ ਤੇ ਕੰਮਕਾਜ ਰੁਕਿਆ ਹੋਇਆ ਸੀ ਪਰ ਅੱਜ ਡੀ. ਸੀ. ਦਫਤਰ 'ਚ ਰੌਣਕ ਪਰਤੀ ਨਜ਼ਰ ਆਈ। ਸੁਵਿਧਾ ਸੈਂਟਰ ਹੋਵੇ ਜਾਂ ਤਹਿਸੀਲ ਹਰ ਪਾਸੇ ਪਹਿਲਾਂ ਨਾਲੋਂ ਵੱਧ ਚਹਿਲ ਪਹਿਲ ਨਜ਼ਰ ਆਈ। ਅਧਿਕਾਰੀ ਵੀ ਪੈਂਡਿੰਗ ਫਾਈਲਾਂ ਕਲੀਅਰ ਕਰਦੇ ਵੇਖੇ ਗਏ। ਆਉਣ ਵਾਲੇ ਦਿਨਾਂ 'ਚ ਪੈਂਡੈਂਸੀ ਆਫ ਵਰਕ ਖਤਮ ਹੋਣ ਦੀ ਸੰਭਾਵਨਾ ਹੈ।

shivani attri

This news is Content Editor shivani attri