ਹੁਸ਼ਿਆਰਪੁਰ : ਗੰਭੀਰ ਬੀਮਾਰੀਆਂ ਵਾਲੇ 18-44 ਉਮਰ ਵਰਗ ਦੇ ਲੋਕ ਮੈਗਾ ਟੀਕਾਕਰਨ ਕੈਂਪ ਦਾ ਲਾਭ ਲੈਣ : ਅਪਨੀਤ ਰਿਆਤ

05/14/2021 3:58:23 PM

ਹੁਸ਼ਿਆਰਪੁਰ (ਬਿਊਰੋ)-ਜ਼ਿਲ੍ਹੇ ’ਚ ਕੋਵਿਡ ਵੈਕਸੀਨੇਸ਼ਨ ਸਬੰਧੀ ਜਿਥੇ ਵੱਖ-ਵੱਖ ਥਾਵਾਂ ’ਤੇ ਟੀਕਾਕਰਣ ਕੈਂਪ ਲਗਾਏ ਜਾ ਰਹੇ ਹਨ, ਉਥੇ ਮੋਬਾਇਲ ਵੈਨ ਰਾਹੀਂ ਵੀ ਵੈਕਸੀਨੇਸ਼ਨ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਯੋਗ ਲਾਭਪਾਤਰੀਆਂ ਦਾ ਟੀਕਾਕਰਣ ਕਰ ਰਹੀਆਂ ਹਨ। ਇਨ੍ਹਾਂ  ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਸੇ ਲੜੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ, ਵਿਸ਼ਵਕਰਮਾ ਮੰਦਿਰ ਸੈਕਟਰ 1 ਤਲਵਾੜਾ ਅਤੇ ਕੇਸ਼ੋ ਮੰਦਿਰ ਹੁਸ਼ਿਆਰਪੁਰ ’ਚ 18-44 ਸਾਲ ਉਮਰ ਵਰਗ ਦੇ ਗੰਭੀਰ ਬੀਮਾਰੀਆਂ ਦੇ ਮਰੀਜ਼ਾਂ ਦਾ ਰੋਜ਼ਾਨਾ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 18 ਤੋਂ 44 ਸਾਲ ਉਮਰ ਵਰਗ ਦੇ ਨਿਰਮਾਣ ਕਾਮਿਆਂ ਦੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ, ਇਸ ਲਈ ਸਾਰੇ ਯੋਗ ਲਾਭਪਾਤਰੀ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਇਸ ਸਮੇਂ 100 ਦੇ ਕਰੀਬ ਵੈਕਸੀਨੇਸ਼ਨ ਟੀਮਾਂ ਹਨ, ਜੋ ਵੱਖ-ਵੱਖ ਥਾਵਾਂ ’ਤੇ ਯੋਗ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਸਰਵਿਸ ਕਲੱਬ ਹੁਸ਼ਿਆਰਪੁਰ ’ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 18-44 ਉਮਰ ਵਰਗ ਦੇ ਗੰਭੀਰ ਬੀਮਾਰੀਆਂ ਦੇ ਮਰੀਜ਼ਾਂ ਦਾ ਕੋਵਿਡ ਟੀਕਾਕਰਨ ਕਰਨ ਲਈ ਇਕ ਮੈਗਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ’ਚ ਟੀਕਾਕਰਣ ਕਰਵਾਉਣ ਵਾਲੇ ਸਬੰਧਤ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਆਪਣਾ ਆਧਾਰ ਕਾਰਡ ਅਤੇ ਆਪਣੀ ਗੰਭੀਰ ਬੀਮਾਰੀ ਨਾਲ ਸਬੰਧਤ ਸਬੂਤ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੈਗਾ ਕੈਂਪ ’ਚ ਸਿਹਤ ਵਿਭਾਗ ਦੀਆਂ 10 ਵੈਕਸੀਨੇਸ਼ਨ ਟੀਮਾਂ ਵੱਲੋਂ ਟੀਕਾਕਰਨ ਕੀਤਾ ਜਾਵੇਗਾ।

ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਜ਼ਿਲ੍ਹੇ ਦੇ ਹਸਪਤਾਲਾਂ ’ਚ ਬਿਹਤਰ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਕਸੀਜਨ ਤੇ ਦਵਾਈਆਂ ਦੀ ਹਸਪਤਾਲਾਂ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ 20 ਆਕਸੀਜਨ ਕੰਸਨਟ੍ਰੇਟਰ ਪ੍ਰਾਪਤ ਹੋਏ, ਜਿਸ ਨਾਲ ਕੋਵਿਡ ਦੇ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ। ਇਹ ਆਕਸੀਜਨ ਕੰਸਨਟ੍ਰੇਟਰ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦਸੂਹਾ ’ਚ ਭੇਜੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਅਤੇ ਸਿਹਤ ਪ੍ਰੋਟੋਕਾਲ ਦਾ ਗੰਭੀਰਤਾ ਨਾਲ ਪਾਲਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਵਧਾਨੀਆਂ ਅਪਣਾ ਕੇ ਹੀ ਕੋਵਿਡ ਖ਼ਿਲਾਫ਼ ਇਸ ਜੰਗ ’ਚ ਫ਼ਤਿਹ ਹਾਸਲ ਕੀਤੀ ਜਾ ਸਕਦੀ ਹੈ।


Manoj

Content Editor

Related News