ਲਾਕਡਾਊਨ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲੋਕ : ਡੀ. ਸੀ.

06/02/2020 12:28:25 AM

ਜਲੰਧਰ, (ਚੋਪੜਾ)— ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸ. ਐੱਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਕਿਹਾ ਕਿ ਲਾਕਡਾਊਨ ਦੀ ਪਾਲਣਾ ਸਬੰਧੀ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਤੇ ਐੱਸ. ਐੱਸ. ਪੀ. ਨੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਅਤੇ ਲਾਕਡਾਊਨ ਦੀ ਉਲੰਘਣਾ ਕਰਨਾ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਜ਼ਾ ਯੋਗ ਹੋਣਗੀਆਂ। ਉਨ੍ਹਾਂ ਕਿਹਾ ਕਿ ਲਾਕਡਾਊਨ 5.0/ ਅਨਲਾਕ 1.0 ਤਹਿਤ ਜ਼ਿਲੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ 'ਤੇ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਛੋਟੇ ਬੱਚੇ ਘਰਾਂ 'ਚ ਹੀ ਰਹਿਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 1 ਜੂਨ ਤੋਂ 30 ਜੂਨ ਤਕ ਸਿਨੇਮਾ ਹਾਲ, ਜਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਹੋਰ ਅਜਿਹੀਆਂ ਥਾਵਾਂ ਸ਼ਾਮਲ ਹਨ, 'ਤੇ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਮਾਜਿਕ/ਰਾਜਨੀਤਕ/ਖੇਡਾਂ/ਮਨੋਰੰਜਨ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਵੇਲੇ 50 ਤੋਂ ਵੱਧ ਅਤੇ ਅੰਤਿਮ ਸੰਸਕਾਰ 'ਤੇ 20 ਤੋਂ ਵਧੇਰੇ ਵਿਅਕਤੀ ਦਾ ਇਕੱਠ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਟਰੇਨਾਂ ਦੀ ਅੰਤਰਰਾਜੀ ਆਵਾਜਾਈ ਅਤੇ ਘਰੇਲੂ ਉਡਾਨਾਂ ਲਈ ਅੰਦਰੂਨੀ ਮੁਸਾਫਰਾਂ ਨੂੰ ਸਿਹਤ ਵਿਭਾਗ ਦੇ ਐੱਸ. ਓ. ਪੀਜ਼. ਦੀ ਪਾਲਣਾ ਕਰਨੀ ਹੋਵੇਗੀ। ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਅੰਤਰਰਾਜੀ ਦੀ ਆਵਾਜਾਈ ਲਈ ਐੱਸ. ਓ. ਪੀ. ਜਾਰੀ ਕੀਤਾ ਜਾਵੇਗਾ। ਟੈਕਸੀਆਂ, ਕੈਬ, ਸਟੇਜ ਕੈਰੀਅਰ, ਟੈਂਪੂ ਟਰੈਵਲ ਅਤੇ ਕਾਰਾਂ ਵਰਗੇ ਯਾਤਰੂ ਵਾਹਨਾਂ ਦੀ ਅੰਤਰ-ਰਾਜੀ ਅਤੇ ਰਾਜ ਅੰਦਰ ਚਲਾਉਣ 'ਤੇ ਕੋਈ ਬੰਦਿਸ਼ ਨਹੀਂ ਹੈ ਪਰ 'ਕੋਵਾ' ਐਪ ਤੋਂ ਖੁਦ ਹੀ ਈ-ਪਾਸ ਬਣਾ ਕੇ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।
ਉਨ੍ਹਾਂ ਨੇ ਹੁਕਮ ਰਾਹੀ ਦੱਸਿਆ ਕਿ ਜ਼ਿਲ੍ਹੇ ਅੰਦਰ 1 ਜੂਨ ਤੋਂ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੇਨ ਬਾਜ਼ਾਰਾਂ 'ਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹਣਗੀਆਂ ਅਤੇ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹੇ ਰਹਿਣਗੇ। ਸਪੋਰਟਸ ਕੰਪਲੈਕਸ, ਸਟੇਡੀਅਮ ਬਿਨਾਂ ਦਰਸ਼ਕਾਂ ਦੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੀਆਂ ਗਤੀਵਿਧੀਆ ਕਰ ਸਕਣਗੇ। ਸ਼ਹਿਰੀ ਅਤੇ ਪੇਂਡੂ ਖੇਤਰ 'ਚ ਹਰ ਤਰ੍ਹਾਂ ਦੀਆਂ ਇੰਡਸ਼ਟਰੀਆਂ ਖੋਲਣ ਅਤੇ ਹਰ ਤਰ੍ਹਾਂ ਦੀ ਉਸਾਰੀ ਦੀ ਵੀ ਇਜਾਜਤ ਹੋਵੇਗੀ। ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਵੈਟਨਰੀ ਸੇਵਾਵਾਂ, ਬਿਨਾ ਕਿਸੇ ਰੋਕ ਦੇ ਚਾਲੂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਨਿੱਜੀ ਦਫਤਰ ਮੁਲਾਜ਼ਮਾਂ ਦੀ ਲੋੜੀਂਦੀ ਸਮਰੱਥਾ ਨਾਲ ਖੁੱਲ੍ਹਣਗੇ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਛੋਟੀ ਟੀਮ ਨਾਲ ਕੰਮ ਚਲਾਉਣ ਲਈ ਸਮੇਂ ਨੂੰ ਉਸ ਅਨੁਸਾਰ ਨਿਸ਼ਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕਰਮਚਾਰੀ ਵੱਲੋਂ ਆਪਣੇ ਮੋਬਾਇਲ ਵਿਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਨੀ ਯਕੀਨੀ ਬਣਾਈ ਜਾਵੇ ਅਤੇ ਰੋਜ਼ਾਨਾ ਦੇ ਆਧਾਰ 'ਤੇ ਸਿਹਤ ਸਟੇਟਸ ਨੂੰ ਚੈਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਧਾਰਾ 51 ਤੋਂ 60 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤੋਂ ਇਲਾਵਾ ਧਾਰਾ 188 ਆਈ.ਪੀ.ਸੀ. ਤਹਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


KamalJeet Singh

Content Editor

Related News