ਸਡ਼ਕ ’ਤੇ ਝੋਨਾ ਲਾ ਕੇ ਲੋਕਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਸ਼ਰਨ

07/15/2019 3:29:33 AM

ਨੂਰਪੁਰਬੇਦੀ , (ਸ਼ਮਸ਼ੇਰ ਡੂਮੇਵਾਲ)- ਝੱਜ ਚੋਂਕ ਤੋਂ ਗਡ਼੍ਹਸ਼ੰਕਰ (ਬੰਗਾ) ਨੂੰ ਜਾਣ ਵਾਲੀ ਮੁੱਖ ਸਡ਼ਕ ’ਤੇ ਪੈਂਦੇ ਪਿੰਡ ਡੂਮੇਵਾਲ ਵਿਖੇ ਪਿੰਡ ਵਾਸੀਆਂ ਅਤੇ ਹੋਰ ਰਾਹਗੀਰਾਂ ਨੇ ਸਡ਼ਕ ਦੀ ਖਸਤਾ ਹਾਲਤ ਕਾਰਣ ਸਡ਼ਕ ’ਚ ਪਏ ਡੂੰਘੇ ਟੋਇਆ ’ਚ ਖਡ਼੍ਹੇ ਪਾਣੀ ਅਤੇ ਚਿੱਕਡ਼ ’ਚ ਖੇਤਾਂ ਦੀ ਤਰਜ ’ਤੇ ਝੋਨਾ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਸ਼ਰਨ ਕੀਤਾ। ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ ਆਪਣੀ ਭਡ਼ਾਸ ਕੱਢਦਿਆਂ ਕਿਹਾ ਕਿ ਉਹ ਬੀਤੇ ਲੰਬੇ ਅਰਸੇ ਤੋਂ ਟੁੱਟੀਆਂ ਸਡ਼ਕਾਂ ਦਾ ਸੰਤਾਪ ਝੱਲ ਰਹੇ ਹਨ ਅਤੇ ਇਨ੍ਹਾਂ ਸਡ਼ਕਾਂ ਨੇ ਪਤਾ ਨਹੀਂ ਕਿੰਨੇ ਮਾਸੂਮ ਲੋਕ ਨਿਗਲ ਲਏ ਹਨ। ਰੋਜ਼ਾਨਾ ਹੀ ਇਸ ਸਡ਼ਕ ’ਤੇ ਹਾਦਸਿਆਂ ਦਾ ਹੋਣਾ ਆਮ ਜਿਹੀ ਗੱਲ ਹੋ ਗਿਆ। ਇਸ ਸਡ਼ਕ ਦੇ ਮੁੱਦੇ ’ਤੇ ਜਿੱਥੇ ਬੀਤੇ ਦਿਨੀਂ ਲੱਗਭਗ 16 ਦਿਨਾਂ ਤੱਕ ਇਲਾਕਾ ਸੰਘਰਸ਼ ਕਮੇਟੀ ਨੇ ਝੱਜ ਚੋਂਕ ਵਿਖੇ ਧਰਨਾ ਲਾਇਆ ਗਿਆ ਸੀ, ਉੱਥੇ ਹੀ ਖੇਤਰ ਦੇ ਲੋਕਾਂ ਵੱਲੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕਈ ਦਫਾ ਰੋਸ ਕੀਤਾ ਗਿਆ। ਪਰ ਇਨ੍ਹਾਂ ਆਲਾ ਅਧਿਕਾਰੀਆਂ ਅਤੇ ਨੇਤਾਵਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਅੱਜ ਗੁੱਸਾਏ ਲੋਕਾਂ ਨੇ ਨਵੇਂ ਤਰੀਕੇ ਨਾਲ ਸਡ਼ਕ ਬਣਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਮੁੱਖ ਸਡ਼ਕ ’ਤੇ ਝੋਨਾ ਲਾ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੁਰਜੀਤ ਸਿੰਘ, ਜਸਵੀਰ ਗਾਂਧੀ, ਰਮਨ ਕੁਮਾਰ, ਭਾਗ ਸਿੰਘ ਸਰਪੰਚ, ਭਜਨ ਸਿੰਘ ਪੰਚ, ਲਖਵੀਰ ਸਿੰਘ, ਜਤਿੰਦਰ ਸਿੰਘ, ਸਨੀ ਕੁਮਾਰ,ਰੋਹਿਤ ਚੌਧਰੀ, ਬਲਜਿੰਦਰ ਡੂਮੇਵਾਲ ਹਾਜ਼ਰ ਸਨ।

Bharat Thapa

This news is Content Editor Bharat Thapa