ਪਤਨੀ ਅਤੇ 3 ਨੌਜਵਾਨਾਂ ਤੋਂ ਦੁਖੀ ਵਿਅਕਤੀ ਨੇ ਕੀਤੀ ਖੁੱਦਕੁਸ਼ੀ

06/15/2019 5:37:38 AM

ਕਪੂਰਥਲਾ, (ਭੂਸ਼ਣ)- ਆਪਣੀ ਪਤਨੀ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸਬੰਧਾਂ ਅਤੇ ਇਸ ਨੂੰ ਲੈ ਕੇ 3 ਹੋਰ ਮੁਲਜ਼ਮਾਂ ਵੱਲੋਂ ਤਾਅਨੇ ਮਾਰਨ ਅਤੇ ਗਾਲ੍ਹਾਂ ਤੋਂ ਦੁਖੀ ਹੋ ਕੇ ਇਕ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁੱਦਕੁਸ਼ੀ ਕਰ ਲਈ। ਥਾਣਾ ਸੁਭਾਨਪੁਰ ਦੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਮਾਤਾ ਦੀ ਸ਼ਿਕਾਇਤ ਤੇ ਮ੍ਰਿਤਕ ਦੀ ਪਤਨੀ ਅਤੇ 3 ਹੋਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।

ਜਾਣਕਾਰੀ ਅਨੁਸਾਰ ਪ੍ਰੀਤਮ ਕੌਰ ਪਤਨੀ ਚਾਨਨ ਵਾਸੀ ਪਿੰਡ ਬਾਮੂਵਾਲ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਲਡ਼ਕੇ ਸੁਖਜਿੰਦਰ ਸਿੰਘ ਦਾ ਵਿਆਹ 18 ਸਾਲ ਪਹਿਲਾਂ ਸਰਬਜੀਤ ਕੌਰ ਪੁੱਤਰੀ ਅਮਰੀਕ ਸਿੰਘ ਵਾਸੀ ਬੱਲੋਜਲਾ ਥਾਣਾ ਵੈਰੋਵਾਲ ਦੇ ਨਾਲ ਹੋਇਆ ਸੀ। ਉਸ ਦੇ ਬੇਟੇ ਦੇ 3 ਬੱਚੇ ਹਨ। ਉਸ ਦੀ ਨੂੰਹ ਸਰਬਜੀਤ ਕੌਰ ਦੇ ਗੋਪੀ ਪੁੱਤਰ ਰਾਜ ਕੁਮਾਰ ਵਾਸੀ ਭੁਲੱਥ ਨਾਲ ਨਾਜਾਇਜ਼ ਸਬੰਧ ਸਨ। ਜੋ ਪਹਿਲਾਂ ਸਾਡੇ ਘਰ ’ਚ ਹੀ ਰਹਿੰਦਾ ਸੀ ਅਤੇ ਹੁਣ ਉਕਤ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਕੁਕੂ ਵਾਸੀ ਬਾਮੂਵਾਲ ਨਾਲ ਰਹਿੰਦਾ ਹੈ। ਉਸ ਦੀ ਨੂੰਹ ਸਰਬਜੀਤ ਕੌਰ 15 ਮਈ 2019 ਨੂੰ ਉਸ ਦੇ ਲਡ਼ਕੇ ਸੁਖਜਿੰਦਰ ਸਿੰਘ ਨਾਲ ਲਡ਼ਾਈ ਝਗਡ਼ਾ ਕਰ ਕੇ ਆਪਣੇ ਪੇਕੇ ਘਰ ਬਲੋਜਲਾ ਚੱਲੀ ਗਈ ਸੀ। ਉਸ ਦੇ ਲਡ਼ਕੇ ਨੇ ਗੁਰਪ੍ਰੀਤ ਸਿੰਘ ਪੁੱਤਰ ਕੁਕੂ, ਲਾਡੀ ਪੁੱਤਰ ਕੁਕੂ ਅਤੇ ਗੋਪੀ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਬਾਮੂਵਾਲ ਤੋਂ ਪੈਸੇ ਲੈਣੇ ਸਨ, ਜੋ ਉਸ ਦੇ ਲੜਕੇ ਦੇ ਕੋਲ ਪਲੇਦਾਰੀ ਦਾ ਕੰਮ ਕਰਦੇ ਸਨ। ਇਸ ਦੌਰਾਨ ਬੀਤੀ ਦੁਪਹਿਰ 11 ਵਜੇ ਉਸ ਦਾ ਲਡ਼ਕਾ ਉਕਤ ਮੁਲਜ਼ਮਾਂ ਦੇ ਕੋਲ ਪੈਸੇ ਲੈਣ ਲਈ ਗਿਆ। ਜਿਥੇ ਤਿੰਨਾ ਮੁਲਜ਼ਮਾਂ ਨੇ ਉਸ ਦੇ ਲਡ਼ਕੇ ਨੂੰ ਤਾਅਨੇ ਮਾਰਦੇ ਹੋਏ ਉਸ ਦੀ ਪਤਨੀ ਸਰਬਜੀਤ ਕੌਰ ਦੇ ਗੋਪੀ ਪੁੱਤਰ ਰਾਜ ਕੁਮਾਰ ਵਾਸੀ ਭੁਲੱਥ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਕਹੀ ਅਤੇ ਉਸ ਦੇ ਲਡ਼ਕੇ ਸੁਖਜਿੰਦਰ ਸਿੰਘ ਨਾਲ ਲਡ਼ਾਈ ਝਗਡ਼ਾ ਕਰਨ ਦੇ ਨਾਲ-ਨਾਲ ਉਸ ਨੂੰ ਗਾਲ੍ਹਾਂ ਵੀ ਕੱਢੀਆਂ, ਜਿਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਉਸ ਦੇ ਲਡ਼ਕੇ ਨੂੰ ਮੁਲਜ਼ਮਾਂ ਦੇ ਚੁੰਗਲ ਤੋਂ ਛੁਡਵਾਇਆ।

ਘਰ ਪੁੱਜੇ ਉਸ ਦੇ ਲਡ਼ਕੇ ਨੇ ਉਸ ਨੂੰ ਕਿਹਾ ਕਿ ਉਹ ਗੁਰਪ੍ਰੀਤ ਸਿੰਘ, ਲਾਡੀ ਪੁੱਤਰ ਕੁਕੂ ਅਤੇ ਗੋਪੀ ਪੁੱਤਰ ਰਾਜ ਕੁਮਾਰ ਵਾਸੀ ਭੁਲੱਥ ਅਤੇ ਆਪਣੀ ਪਤਨੀ ਸਰਬਜੀਤ ਕੌਰ ਤੋਂ ਬੇਹੱਦ ਦੁਖੀ ਹੈ। ਜਿਸ ਦੌਰਾਨ ਉਸ ਦੇ ਲਡ਼ਕੇ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁੱਦਕੁਸ਼ੀ ਕਰ ਲਈ।

ਮੁਲਜ਼ਮਾਂ ਦੀ ਭਾਲ ’ਚ ਛਾਪਾਮਾਰੀ ਜਾਰੀ ਹੈ : ਐੱਸ. ਐੱਚ. ਓ.

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਸ਼ਿਵ ਕਮਲ ਸਿੰਘ ਨੇ ਪੁਲਸ ਟੀਮ ਦੇ ਨਾਲ ਮੌਕੇ ਦਾ ਮੁਆਇਆਨਾ ਕੀਤਾ ਅਤੇ ਮ੍ਰਿਤਕ ਦੀ ਮਾਤਾ ਪ੍ਰੀਤਮ ਕੌਰ ਦੇ ਬਿਆਨਾ ’ਤੇ ਸਰਬਜੀਤ ਕੌਰ, ਗੋਪੀ, ਗੁਰਪ੍ਰੀਤ ਸਿੰਘ ਅਤੇ ਲਾਡੀ ਖਿਲਾਫ ਮਾਮਲਾ ਦਰਜ ਕਰ ਲਿਆ। ਉਥੇ ਹੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ’ਚ ਛਾਪਾਮਾਰੀ ਜਾਰੀ ਹੈ।


Bharat Thapa

Content Editor

Related News