ਬਡ਼ਵਾ ’ਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ

11/13/2018 3:41:07 AM

 ਨੂਰਪੁਰ ਬੇਦੀ,  (ਅਵਿਨਾਸ਼)-  ਇਲਾਕੇ ਦੇ ਪਿੰਡ ਬਡ਼ਵਾ ਵਿਖੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕਾਂ ਨੇ ਜ਼ਿਲਾ ਪ੍ਰਸ਼ਾਸ਼ਨ ਅਤੇ ਜਲ ਸਪਲਾਈ ਵਿਭਾਗ ਦੇ ਖਿਲਾਫ ਜੰਮ੍ਹ ਕੇ ਰੋਸ ਪ੍ਰਗਟ ਕੀਤਾ। ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ  ਦੇ ਘਰਾਂ ਦੀਆਂ ਸਰਕਾਰੀ ਟੂਟੀਆਂ ’ਚ ਬਿੱਲ ਦੇਣ ਦੇ ਬਾਵਜੂਦ ਪਾਣੀ ਦੀ ਸਪਲਾਈ ਨਹੀ ਆ ਰਹੀ ਹੈ। ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਇਸ ਰੋਸ ਧਰਨੇ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਲੋਕਾਂ ਦੀਆ ਸਮੱਸਿਆਵਾਂ ਵੱਲ ਕੋਈ ਧਿਆਨ ਨਹੀ ਦੇ ਰਹੀ। ਉਨ੍ਹਾਂ  ਕਿਹਾ ਕਿ ਇਲਾਕੇ ਦੇ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ ਪਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। 
ਵਿਧਾਇਕ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੇ ਮੁੱਦਿਆਂ ’ਤੇ ਉਨ੍ਹਾਂ  ਨਾਲ ਖਡ਼੍ਹੇ ਹਨ। ਲੋਕਾਂ ਨੇ ਕਿਹਾ ਕਿ  ਜੇ ਵਿਭਾਗ ਨੇ ਉਨ੍ਹਾਂ  ਦੀ ਸਮੱਸਿਆ ਜਲਦ ਦਰੁੱਸਤ ਨਾ ਕੀਤੀ ਤਾਂ ਉਹ ਵਿਭਾਗ ਦੇ ਅਧਿਕਾਰੀਆਂ ਦੇ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਜਲ ਸਪਲਾਈ ਵਿਭਾਗ ਦੇ ਜੇ.ਈ. ਲਕਸ਼ਮੀ ਚੰਦ ਨੇ ਕਿਹਾ ਕਿ ਪਾਣੀ ਵਾਲੀ ਮੋਟਰ ਦੀ ਤਾਰ ਖਰਾਬ ਹੋਈ ਹੈ ਜਿਸ ਨੂੰ ਜਲਦ ਹੀ ਠੀਕ ਕਰਕੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।