SSP ਤੇ DSP ਨੇ ਪਵਿੱਤਰ ਵੇਈਂ ਦਾ ਲਿਆ ਜਾਇਜ਼ਾ, ਕਿਹਾ-ਜਲ ਦੂਸ਼ਿਤ ਹੋਣ ਦੇ ਮਾਮਲੇ ’ਚ ਹੋਵੇਗੀ ਕਾਰਵਾਈ

07/08/2022 3:28:30 PM

ਸੁਲਤਾਨਪੁਰ ਲੋਧੀ (ਸੋਢੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵਿਚ ਪੈ ਗੰਦੇ ਪਾਣੀਆਂ ਕਾਰਨ ਦੂਸ਼ਿਤ ਹੋਏ ਜਲ ਅਤੇ ਆਕਸੀਜਨ ਦੀ ਆਈ ਘਾਟ ਕਾਰਨ ਇਸ ਵਾਰ ਫਿਰ ਵੱਡੀ ਗਿਣਤੀ ’ਚ ਮੱਛੀਆਂ ਤੇ ਜਲ ਵਾਲੇ ਹੋਰ ਕਈ ਜੀਵਾਂ ਦੇ ਮਾਰੇ ਜਾਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਅਤੇ ਨਵ-ਨਿਯੁਕਤ ਡੀ. ਐੱਸ. ਪੀ. ਡਾ. ਮਨਪ੍ਰੀਤ ਸ਼ੀਂਹਮਾਰ ਨੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਦਾ ਜਾਇਜ਼ਾ ਲਿਆ ਤੇ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ।

ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਪਵਿੱਤਰ ਵੇਈਂ ’ਚ ਦੂਸ਼ਿਤ ਹੋ ਰਹੇ ਜਲ ਦੇ ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾਵੇਗੀ ਤੇ ਉਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਸ ਦਾ ਪਤਾ ਕਰ ਲਿਆ ਜਾਵੇਗਾ ਕਿ ਮੱਛੀ ਕਿਉਂ ਮਰ ਰਹੀਆਂ ਹਨ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਵੇਈਂ ਵਿਖੇ ਇਹ ਵਤੀਰਾ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ, ਜਿਸ ਦਾ ਮੁੱਖ ਕਾਰਨ ਨਹਿਰੀ ਮਹਿਕਮੇ ਦੀ ਲਾਪਰਵਾਹੀ ਹੈ। ਉਨ੍ਹਾਂ ਦੱਸਿਆ ਕਿ ਸਾਫ਼ ਪਾਣੀ ਬੰਦ ਹੋਣ ਕਾਰਨ ਆਕਸੀਜਨ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਇਹ ਬੇਜ਼ੁਬਾਨ ਜਲਚਰ ਜੀਵ ਮਰਦੇ ਹਨ।

ਇਹ ਵੀ ਪੜ੍ਹੋ: ਅੱਜ ਮਹਾਨਗਰ ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, 15 ਫ਼ੀਸਦੀ ਕੀਮਤਾਂ ਘਟੀਆਂ

ਉਨ੍ਹਾਂ ਦੱਸਿਆ ਕਿ ਮੁਕੇਰੀਆ ਹਾਈਡਲ ਚੈਨਲ ਤੋਂ 500 ਕਿਊਸਿਕ ਪਾਣੀ ਆਉਂਦਾ ਹੈ, ਇਸ ਵਿਚੋਂ ਸਿਰਫ 200 ਕਿਊਸਿਕ ਪਾਣੀ ਹੀ ਵੇਈਂ ਵਿਚ ਛੱਡਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਝੋਨੇ ਦੀ ਲੁਆਈ ਵੇਲੇ ਕਿਸਾਨਾਂ ਵੱਲੋਂ ਵੀ ਵੇਈਂ ਵਿਚੋਂ ਅਣਗਣਿਤ ਮੋਟਰਾਂ ਰਾਹੀ ਪਾਣੀ ਵਰਤਿਆ ਜਾਂਦਾ ਹੈ। ਇਸ ਕਰ ਕੇ ਵੇਈਂ ਵਿਚ ਵੱਧ ਪਾਣੀ ਛੱਡਣ ਦੀ ਲੋੜ ਹੁੰਦੀ ਹੈ ਪਰ ਨਹਿਰੀ ਵਿਭਾਗ ਇਸ ਦੇ ਉਲਟ ਵਿਵਹਾਰ ਕਰਦਾ ਆ ਰਿਹਾ ਹੈ।

ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਕਰਦਿਆਂ ਨੂੰ 22 ਸਾਲ ਹੋ ਗਏ ਹਨ। ਸੰਗਤਾਂ ਵੱਲੋਂ ਦਿਨ-ਰਾਤ ਨਿਸ਼ਕਾਮ ਕਾਰਸੇਵਾ ਕਰਕੇ ਮਰ ਚੁੱਕੀ ਵੇਈਂ ਨੂੰ ਅਣਥੱਕ ਮਿਹਨਤ ਨਾਲ ਮੁੜ ਸੁਰਜੀਤ ਕੀਤਾ ਹੈ ਪਰ ਇਨ੍ਹਾਂ 22 ਸਾਲਾਂ ਦੌਰਾਨ ਵੀ ਵਈਂ ਵਿਚ ਪੈ ਰਹੇ ਗੰਦੇ ਪਾਣੀ ਬੰਦ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਇਸ ਵੇਈਂ ਪ੍ਰਤੀ ਸ਼ਰਧਾ ਹੈ। ਸੰਗਤਾਂ ਅਦਬ ਸਤਿਕਾਰ ਨਾਲ ਇਸ ਵਿਚੋਂ ਜਲ ਦਾ ਚੂਲ਼ਾ ਭਰਦੀਆਂ ਹਨ ਤੇ ਇਸ ਵਿਚ ਇਸ਼ਨਾਨ ਕਰਦੀਆਂ ਹਨ ਅਜਿਹੇ ਵਿਚ ਇਸ ਵਿਚ ਗੰਦੇ ਪਾਣੀ ਪਾਉਣ ਨਾਲ ਉਨ੍ਹਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਮੇਂ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਜਸਮੇਲ ਕੌਰ ਸੰਧੂ ਵੀ ਸਨ।

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News