ਪਟਵਾਰੀਆਂ ਨੇ ਮੰਗਾਂ ਨਾ ਮੰਨਣ ਦੇ ਰੋਸ ’ਚ ਕੀਤੀ ਦੋ ਦਿਨਾ ਸਮੂਹਿਕ ਛੁੱਟੀ, ਲੋਕ ਹੋਏ ਖੱਜਲ-ਖੁਆਰ

05/12/2021 12:32:57 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪਟਵਾਰੀਆਂ ਵੱਲੋਂ ਆਪਣਾ ਵਿਰੋਧ ਦਰਜ ਕਰਵਾਉਣ ਲਈ ਅੱਜ ਤੋਂ ਦੋ ਰੋਜ਼ਾ ਸਮੂਹਿਕ ਛੁੱਟੀ ਲਈ ਗਈ ਹੈ, ਜਿਸ ਕਾਰਨ ਸਬ-ਤਹਿਸੀਲ ਟਾਂਡਾ ’ਚ ਪਟਵਾਰੀਆਂ ਦੇ ਨਾ ਆਉਣ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਮਨਦੀਪ ਸਿੰਘ, ਸਕੱਤਰ ਰਣਦੀਪ ਸਿੰਘ ਰਿਆੜ, ਲਖਵੀਰ ਸਿੰਘ, ਦਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਆਖਿਆ ਕਿ ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇਕੋ ਸਮੇਂ ਭਰਤੀ ਪਟਵਾਰੀਆਂ ਦੀ ਪੇਅ-ਅਨਾਮਲੀ ਦੂਰ ਕੀਤੀ ਜਾਵੇ, 2016 ’ਚ ਭਰਤੀ 1227 ਪਟਵਾਰੀਆਂ ਦੀ 18 ਮਹੀਨਿਆਂ ਦੀ ਸਿਖਲਾਈ ਨੂੰ ਸੇਵਾ ਕਾਲ ’ਚ ਸ਼ਾਮਲ ਕੀਤਾ ਜਾਵੇ, ਪਟਵਾਰੀਆਂ ਨੂੰ ਟੈਕਨੀਕਲ ਗ੍ਰੇਡ ਦਿੱਤਾ ਜਾਵੇ, ਡਾਟਾ ਐਂਟਰੀ ਦਾ ਕੰਮ ਨਿੱਜੀ ਕੰਪਨੀਆਂ ਕੋਲੋਂ ਵਾਪਸ ਲੈ ਕੇ ਪਟਵਾਰੀਆਂ ਨੂੰ ਦਿੱਤਾ ਜਾਵੇ, ਭੱਤੇ ਵਧਾਏ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਆਦਿ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ।

ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਪ੍ਰਤੀ ਸਰਕਾਰ ਨੇ ਸੰਜੀਦਗੀ ਨਾ ਵਿਖਾਈ ਦਾ ਵਾਧੂ ਸਰਕਲਾਂ ਦਾ ਕੰਮ ਛੱਡ ਦੇਣਗੇ ਅਤੇ ਸੰਘਰਸ਼ ਦਾ ਨਵਾਂ ਪ੍ਰੋਗਰਾਮ ਉਲੀਕਣਗੇ । ਇਸ ਦੌਰਾਨ ਸਬ-ਤਹਿਸੀਲ ਆਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਤਹਿਸੀਲ ਪਹੁੰਚਣ ’ਤੇ ਛੁੱਟੀ ਬਾਰੇ ਪਤਾ ਲੱਗਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਈ ਹੈ । 

Manoj

This news is Content Editor Manoj