ਪਟਵਾਰੀ ਵਾਧੂ ਸਰਕਲਾਂ ਦਾ ਕੰਮ ਸੰਭਾਲਣ ’ਤੇ ਹੋਏ ਸਹਿਮਤ, ਜ਼ਿਲ੍ਹਾ ਪੱਧਰੀ ਮੀਟਿੰਗ ਤੋਂ ਬਾਅਦ ਹੋਵੇਗਾ ਐਲਾਨ

05/12/2021 1:17:46 PM

ਜਲੰਧਰ (ਚੋਪੜਾ)–ਪਿਛਲੇ ਮਹੀਨੇ ਤੋਂ ਦਿ ਰੈਵੇਨਿਊ ਪਟਵਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਾਰੀ ਸੰਘਰਸ਼ ’ਤੇ ਅੱਜ ਉਸ ਸਮੇਂ ਰੋਕ ਲੱਗਣ ਦੇ ਆਸਾਰ ਬਣ ਗਏ, ਜਦੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਜ਼ਿਲਾ ਰੈਵੇਨਿਊ ਅਧਿਕਾਰੀ ਜਸ਼ਨਜੀਤ ਸਿੰਘ ਨਾਲ ਯੂਨੀਅਨ ਆਗੂਆਂ ਜ਼ਿਲ੍ਹਾ ਪ੍ਰਧਾਨ ਸ਼ਾਲਿਗ੍ਰਾਮ, ਵਰਿੰਦਰ ਕੁਮਾਰ ਤਹਿਸੀਲ-1, ਜਤਿੰਦਰ ਵਾਲੀਆ ਤਹਿਸੀਲ-2 ਨੇ ਵਾਧੂ ਸਰਕਲਾਂ ਦਾ ਕੰਮ ਦੁਬਾਰਾ ਸੰਭਾਲਣ ’ਤੇ ਆਪਣੀ ਸਹਿਮਤੀ ਜਤਾਈ ਪਰ ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦੇ ਵੀ ਇੰਤਕਾਲ ਦਰਜ ਕਰਨ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਅੱਜ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਉਪਰੰਤ ਕੀਤਾ ਜਾਵੇਗਾ। ਏ. ਡੀ. ਸੀ. ਜਸਬੀਰ ਸਿੰਘ ਨੇ ਯੂਨੀਅਨ ਆਗੂਆਂ ਨੂੰ ਕੋਰੋਨਾ ਮਹਾਮਾਰੀ ਦੇ ਵਧਦੇ ਕਹਿਰ ਅਤੇ ਲੋਕਾਂ ਨੂੰ ਇੰਤਕਾਲ ਕਰਵਾਉਣ ਅਤੇ ਫਰਦ ਹਾਸਲ ਕਰਨ ’ਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਉਨ੍ਹਾਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਨੂੰ ਕਿਹਾ, ਜਿਸ ’ਤੇ ਕੁਝ ਸ਼ਰਤਾਂ ਸਮੇਤ ਸਹਿਮਤੀ ਬਣਦੀ ਦਿਸੀ।

ਜ਼ਿਕਰਯੋਗ ਹੈ ਕਿ ਡੀ. ਸੀ. ਕੰਪਲੈਕਸ ਸਥਿਤ ਪਟਵਾਰਖਾਨੇ ਦਿ ਰੈਵੇਨਿਊ ਪਟਵਾਰ ਯੂਨੀਅਨ ਨੇ ਪਟਵਾਰੀਆਂ ’ਤੇ ਲਗਾਤਾਰ ਵਧ ਰਹੇ ਕੰਮ ਦੇ ਦਬਾਅ ਕਾਰਨ ਸੰਘਰਸ਼ ਦਾ ਐਲਾਨ ਕੀਤਾ ਸੀ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜ਼ਿਲ੍ਹੇ ਦੀਆਂ ਸਾਰੀਆਂ 5 ਤਹਿਸੀਲਾਂ, ਜਿਨ੍ਹਾਂ ਵਿਚ ਜਲੰਧਰ-1, ਜਲੰਧਰ-2, ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਕੁਲ 394 ਪਟਵਾਰ ਸਰਕਲ ਹਨ ਪਰ ਇਨ੍ਹਾਂ ਸਾਰੇ ਸਰਕਲਾਂ ’ਤੇ ਸਿਰਫ 112 ਪਟਵਾਰੀ ਹੀ ਤਾਇਨਾਤ ਹਨ। ਪਟਵਾਰੀਆਂ ਦੀ ਘਾਟ ਕਾਰਨ ਇਕ-ਇਕ ਪਟਵਾਰੀ ਕੋਲ ਐਡੀਸ਼ਨਲ ਚਾਰਜ ਵੱਲੋਂ 4 ਤੋਂ 5 ਸਰਕਲ ਵੀ ਹਨ, ਜਿਸ ਕਾਰਨ ਪਟਵਾਰੀ ਭਾਰੀ ਮਾਨਸਿਕ ਤਣਾਅ ਝੱਲ ਰਹੇ ਹਨ। ਯੂਨੀਅਨ ਦਾ ਕਹਿਣਾ ਹੈ ਕਿ 45 ਦਿਨਾਂ ਵਿਚ ਇੰਤਕਾਲ ਦਰਜ ਕਰਨ ਦੀ ਸਮਾਂਹੱਦ ਅੰਦਰ ਕੰਮ ਕਰਨ ਲਈ ਪਟਵਾਰੀ ਲਗਾਤਾਰ ਦਬਾਅ ਵਿਚ ਰਹਿੰਦੇ ਹਨ, ਅਜਿਹੀ ਹਾਲਤ ’ਚ ਸਾਰੇ ਪਟਵਾਰੀ ਮਾਨਸਿਕ ਤਣਾਅ ਵਿਚ ਹੁੰਦੇ ਹਨ ਅਤੇ ਬੀਮਾਰ ਵੀ ਹੁੰਦੇ ਹਨ, ਜਿਸ ਕਾਰਨ ਵਾਧੂ ਸਰਕਲ ਦਾ ਕੰਮ ਸਮਾਂਬੱਧ ਮਿਆਦ ਵਿਚ ਨਹੀਂ ਕੀਤਾ ਜਾ ਸਕਦਾ।
 
ਜ਼ਿਲ੍ਹੇ ਦੇ ਪਟਵਾਰੀ ਅਤੇ ਕਾਨੂੰਨਗੋ 12 ਅਤੇ 13 ਮਈ ਨੂੰ ਲੈਣਗੇ ਸਮੂਹਿਕ ਛੁੱਟੀ
ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਅਤੇ ਦਿ ਰੈਵੇਨਿਊ ਪਟਵਾਰ ਯੂਨੀਅਨ ਦੀ ਸੂਬਾ ਇਕਾਈ ਦੇ ਹੁਕਮਾਂ ’ਤੇ ਜ਼ਿਲ੍ਹੇ ਨਾਲ ਸਬੰਧਤ ਸਾਰੇ ਪਟਵਾਰੀ ਅਤੇ ਕਾਨੂੰਨਗੋ 12 ਅਤੇ 13 ਮਈ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਕਰਨਗੇ। ਇਸ ਸਬੰਧੀ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਏ. ਡੀ. ਸੀ. ਜਸਬੀਰ ਸਿੰਘ ਨੂੰ ਇਕ ਮੰਗ-ਪੱਤਰ ਵੀ ਦਿੱਤਾ ਹੈ।

Manoj

This news is Content Editor Manoj