ਪਠਾਨਕੋਟ ਚੌਂਕ ’ਚ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼

08/04/2021 4:31:55 PM

ਜਲੰਧਰ (ਵਰੁਣ)–ਪਠਾਨਕੋਟ ਚੌਂਕ ਵਿਚ ਬੀਤੀ ਰਾਤ 2 ਲੁਟੇਰਿਆਂ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਬੈਂਕ ਦੇ ਸਕਿਓਰਿਟੀ ਸਿਸਟਮ ਸਦਕਾ ਲੁੱਟ ਦੀ ਵੱਡੀ ਵਾਰਦਾਤ ਟਲ ਗਈ ਪਰ ਇਕ ਵਾਰ ਫਿਰ ਤੋਂ ਲੁਟੇਰਿਆਂ ਨੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਦੇਰ ਰਾਤ ਏ. ਟੀ. ਐੱਮ. ਦੇ ਸਕਿਓਰਿਟੀ ਗਾਰਡ ਨੂੰ ਬੈਂਕ ਦੇ ਮੁੰਬਈ ਸਥਿਤ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਪਠਾਨਕੋਟ ਚੌਕ ਸਥਿਤ ਉਨ੍ਹਾਂ ਦੇ ਏ. ਟੀ. ਐੱਮ. ਨੂੰ 2 ਨੌਜਵਾਨ ਲੁੱਟਣ ਦੀ ਕੋਸ਼ਿਸ਼ ਕਰਦਿਆਂ ਕੈਸ਼ ਮਸ਼ੀਨ ਨੂੰ ਤੋੜ ਰਹੇ ਹਨ। ਸਕਿਓਰਿਟੀ ਗਾਰਡ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਪਰ ਜਿਉਂ ਹੀ ਪੁਲਸ ਦੀ ਗੱਡੀ ਮੌਕੇ ’ਤੇ ਪੁੱਜੀ ਤਾਂ ਵੈਨ ਦੀਆਂ ਫਲੈਸ਼ ਲਾਈਟਾਂ ਵੇਖ ਕੇ ਲੁਟੇਰੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਐੱਮ. ਐੱਸ. ਐੱਫ. ਸਕਿਓਰਿਟੀ ਦੇ ਕਰਮਚਾਰੀ ਬਲਦੇਵ ਪਾਠਕ ਨਿਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਰਾਤੀਂ 10.30 ਵਜੇ ਉਹ ਪਠਾਨਕੋਟ ਚੌਕ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਦਾ ਸ਼ਟਰ ਡਾਊਨ ਕਰ ਕੇ ਲਾਕ ਕਰਨ ਉਪਰੰਤ ਚਲਾ ਗਿਆ ਸੀ। 2 ਅਗਸਤ ਦੀ ਰਾਤ ਨੂੰ 1.17 ਵਜੇ ਉਸ ਨੂੰ ਮੁੰਬਈ ਸਥਿਤ ਕੰਟਰੋਲ ਰੂਮ ਤੋਂ ਫੋਨ ਆਇਆ ਕਿ 2 ਨੌਜਵਾਨ ਲੋਹੇ ਦੀ ਰਾਡ ਨਾਲ ਉਨ੍ਹਾਂ ਦੇ ਏ. ਟੀ. ਐੱਮ. ਨੂੰ ਤੋੜ ਕੇ ਕੈਸ਼ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਬਲਦੇਵ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਸਾਈਡ ਤੋਂ ਪੀ. ਸੀ. ਆਰ. ਦੀ ਗੱਡੀ ਆਈ, ਜਿਸ ਦੀ ਛੱਤ ’ਤੇ ਲੱਗੀ ਫਲੈਸ਼ ਬੰਦ ਸੀ ਪਰ ਜਿਸ ਪੁਲਸ ਵੈਨ ਦੇ ਅੱਗੇ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ, ਉਸ ਦੀਆਂ ਫਲੈਸ਼ ਲਾਈਟਾਂ ਚੱਲ ਰਹੀਆਂ ਸਨ। ਜਿਉਂ ਹੀ ਉਹ ਏ. ਟੀ. ਐੱਮ. ਤੋਂ ਥੋੜ੍ਹੀ ਦੂਰੀ ’ਤੇ ਪੁੱਜੇ ਤਾਂ ਏ. ਟੀ. ਐੱਮ. ਦਾ ਅੱਧਾ ਸ਼ਟਰ ਖੁੱਲ੍ਹਾ ਹੋਣ ਕਾਰਨ ਲੁਟੇਰਿਆਂ ਦੀ ਨਜ਼ਰ ਪੁਲਸ ਵੈਨ ਦੀ ਫਲੈਸ਼ ਲਾਈਟ ’ਤੇ ਪੈ ਗਈ ਅਤੇ ਉਹ ਆਪਣੀਆਂ ਲੋਹੇ ਦੀਆਂ ਰਾਡਾਂ ਛੱਡ ਕੇ ਫ਼ਰਾਰ ਹੋ ਗਏ, ਜਿਹੜੀਆਂ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

ਥਾਣਾ ਨੰਬਰ 8 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 457, 380, 427 ਅਤੇ 511 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਨੰਬਰ 8 ਦੇ ਏ. ਐੱਸ. ਆਈ. ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਏ. ਟੀ. ਐੱਮ. ਵਿਚ ਕੁੱਲ 9 ਮਸ਼ੀਨਾਂ ਸਨ, ਜਿਨ੍ਹਾਂ ਵਿਚੋਂ ਇਕ ਹੀ ਕੰਮ ਕਰ ਰਹੀ ਸੀ। ਹਾਲਾਂਕਿ ਮਸ਼ੀਨ ਵਿਚ ਕਾਫ਼ੀ ਕੈਸ਼ ਸੀ ਪਰ ਬੈਂਕ ਦੇ ਸਕਿਓਰਿਟੀ ਸਿਸਟਮ ਸਦਕਾ ਲੁੱਟ ਦੀ ਵੱਡੀ ਵਾਰਦਾਤ ਹੋਣ ਤੋਂ ਟਲ ਗਈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri