ਹਿਮਾਚਲ ਤੇ ਉੱਤਰਾਖੰਡ ਲਈ ਵਧੀ ਯਾਤਰੀਆਂ ਦੀ ਗਿਣਤੀ, ਡਿਮਾਂਡ ਮੁਤਾਬਕ ਆਵਾਜਾਈ ਨਾ ਹੋਣ ’ਤੇ ਯਾਤਰੀ ਪ੍ਰੇਸ਼ਾਨ

03/20/2022 3:32:58 PM

ਜਲੰਧਰ (ਪੁਨੀਤ)–ਜਿਸ ਸੂਬੇ ’ਚ ਚੋਣਾਂ ਚੱਲ ਰਹੀਆਂ ਹੁੰਦੀਆਂ ਹਨ, ਉਥੇ ਸੈਲਾਨੀਆਂ ਦੀ ਗਿਣਤੀ ਘੱਟ ਰਹਿੰਦੀ ਹੈ। ਹੁਣ ਚੋਣਾਂ ਦਾ ਘਟਨਾਕ੍ਰਮ ਪੂਰੀ ਤਰ੍ਹਾਂ ਖ਼ਤਮ ਹੋਣ ਕਾਰਨ ਲੋਕ ਘੁੰਮਣ ਲਈ ਸਮਾਂ ਕੱਢ ਰਹੇ ਹਨ। ਚੋਣ ਡਿਊਟੀ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਵੱਲੋਂ ਵੀ ਛੁੱਟੀਆਂ ਲਈਆਂ ਗਈਆਂ ਹਨ ਤਾਂ ਕਿ ਉਹ ਆਪਣੇ ਪਰਿਵਾਰਾਂ ਨੂੰ ਸਮਾਂ ਦੇ ਸਕਣ। ਇਸ ਕਾਰਨ ਹਿਮਾਚਲ ਤੇ ਉੱਤਰਾਖੰਡ ਸਮੇਤ ਕਈ ਸੂਬਿਆਂ ਵਿਚ ਲੋਕਾਂ ਦਾ ਆਉਣ-ਜਾਣ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਗੁਆਂਢੀ ਸੂਬੇ ਹੋਣ ਕਾਰਨ ਲੋਕ ਹਿਮਾਚਲ ਤੇ ਉੱਤਰਾਖੰਡ ਜਾਣ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਕਿਉਂਕਿ ਘੱਟ ਸਮੇਂ ’ਚ ਘੁੰਮ ਕੇ ਵਾਪਸ ਆਉਣ ਲਈ ਹਿਮਾਚਲ ਸਭ ਤੋਂ ਵਧੀਆ ਬਦਲ ਹੈ।

ਇਸੇ ਕਾਰਨ ਬੱਸਾਂ ਜ਼ਰੀਏ ਹਿਮਾਚਲ ਤੇ ਉੱਤਰਾਖੰਡ ਨੂੰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧੀ ਹੋਈ ਦੇਖੀ ਜਾ ਰਹੀ ਹੈ। ਪੰਜਾਬ ਵਿਚ ਅਚਾਨਕ ਗਰਮੀ ਬਹੁਤ ਵਧ ਚੁੱਕੀ ਹੈ, ਜਿਸ ਕਾਰਨ ਲੋਕਾਂ ਨੇ ਹਿਮਾਚਲ ਜਾਣ ਨੂੰ ਮਹੱਤਵ ਦਿੱਤਾ ਹੈ। ਦੇਖਣ ਵਿਚ ਆ ਰਿਹਾ ਹੈ ਕਿ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਵਧਣ ਦੇ ਬਾਵਜੂਦ ਆਵਾਜਾਈ ਡਿਮਾਂਡ ਦੇ ਮੁਤਾਬਕ ਨਹੀਂ ਵਧ ਸਕੀ, ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਜ਼ਰੀਏ ਜਾਣ ਵਿਚ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ ਅਤੇ ਉਨ੍ਹਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਥੇ ਡਿਮਾਂਡ ਵੱਧ ਰਹਿੰਦੀ ਹੈ, ਉਥੇ ਆਵਾਜਾਈ ਵੀ ਜ਼ਿਆਦਾ ਹੋਣੀ ਚਾਹੀਦੀ ਹੈ। ਉੱਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 7.40 ’ਤੇ ਹਲਦਵਾਨੀ ਜਾਣ ਵਾਲੀ ਬੱਸ ’ਚ ਪਿਛਲੇ ਦਿਨਾਂ ਤੋਂ ਸੀਟਾਂ ਭਰ ਕੇ ਜਾ ਰਹੀਆਂ ਹਨ। ਰਿਸ਼ੀਕੇਸ਼ ਲਈ ਸਵੇਰੇ 10.02 ’ਤੇ ਜਾਣ ਵਾਲੀ ਬੱਸ ਨੂੰ ਉਮੀਦ ਤੋਂ ਵੱਧ ਯਾਤਰੀ ਮਿਲੇ। ਇਸੇ ਤਰ੍ਹਾਂ ਟਨਕਪੁਰ ਲਈ ਸ਼ਾਮ 5.30 ਵਜੇ ਜਾਣ ਵਾਲੀ ਜਲੰਧਰ ਡਿਪੂ-2 ਦੀ ਬੱਸ ਨੂੰ ਬਹੁਤ ਵਧੀਆ ਰਿਸਪਾਂਸ ਦੇਖਣ ਨੂੰ ਮਿਲਿਆ। ਉੱਤਰਾਖੰਡ ਡਿਪੂ ਦੀ ਸ਼ਾਮ 7.30 ਵਜੇ ਚੱਲਣ ਵਾਲੀ ਬੱਸ ਦੀ ਆਵਾਜਾਈ ਵੀ ਬਹੁਤ ਵਧੀਆ ਚੱਲ ਰਹੀ ਹੈ।

ਹਿਮਾਚਲ ਲਈ ਸਭ ਤੋਂ ਵੱਧ ਰੁਝਾਨ ਲੋਕਾਂ ਦਾ ਮਨਾਲੀ ਜਾਣ ਲਈ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 5.20 ਵਜੇ ਸ੍ਰੀ ਅਨੰਦਪੁਰ ਸਾਹਿਬ-ਬਿਲਾਸਪੁਰ-ਮੰਡੀ ਅਤੇ ਕੁੱਲੂ ਤੋਂ ਹੋ ਕੇ ਮਨਾਲੀ ਜਾਣ ਵਾਲੀ ਬੱਸ ਵਿਚ ਬਹੁਤ ਜ਼ਿਆਦਾ ਯਾਤਰੀ ਸਫਰ ਕਰ ਰਹੇ ਹਨ। ਸ਼ਾਮ 4.30 ਵਜੇ ਹੁਸ਼ਿਆਰਪੁਰ ਰਸਤੇ ਮਨਾਲੀ ਜਾਣ ਵਾਲੀ ਬੱਸ ਯਾਤਰੀਆਂ ਲਈ ਕਾਫੀ ਮਦਦਗਾਰ ਸਾਬਿਤ ਹੋ ਰਹੀ ਹੈ। ਪੰਜਾਬ ਤੋਂ ਇਲਾਵਾ ਦਿੱਲੀ ਤੋਂ ਉੱਤਰਾਖੰਡ ਵਾਲੇ ਯਾਤਰੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਦਿੱਲੀ ਆਈ. ਐੱਸ. ਬੀ. ਟੀ. ਤੋਂ ਅੱਜ ਉੱਤਰਾਖੰਡ ਤੇ ਯੂ. ਪੀ. ਲਈ 130 ਬੱਸਾਂ ਰਵਾਨਾ ਹੋਈਆਂ, ਜਦਕਿ ਪੰਜਾਬ ਲਈ 85, ਹਰਿਆਣਾ ਲਈ 180, ਚੰਡੀਗੜ੍ਹ ਲਈ 28 ਅਤੇ ਹਿਮਾਚਲ ਲਈ 65 ਬੱਸਾਂ ਚਲਾਈਆਂ ਗਈਆਂ। ਜਲੰਧਰ ਬੱਸ ਅੱਡੇ ’ਚ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਦੁਕਾਨਦਾਰਾਂ ਦੀ ਵੀ ਖੂਬ ਦੁਕਾਨਦਾਰੀ ਹੋ ਰਹੀ ਹੈ। ਪਿਛਲੇ ਦਿਨਾਂ ਦੌਰਾਨ ਮੰਦੀ ਦੀ ਮਾਰ ਝੱਲ ਚੁੱਕੇ ਦੁਕਾਨਦਾਰ ਹੁਣ ਰਾਹਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ, ਉੱਤਰਾਖੰਡ ਅਤੇ ਹਿਮਾਚਲ ਚੱਲਦਾ ਹੈ ਤਾਂ ਵਿਕਰੀ ਵਧਦੀ ਹੈ। ਉਥੇ ਹੀ ਪੰਜਾਬ ਲਈ ਚੱਲਣ ਵਾਲੀਆਂ ਬੱਸਾਂ ਵਿਚ ਵੀ ਯਾਤਰੀਆਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।

ਲਾਭ ਕਮਾਉਣ ’ਚ ਹਰਿਆਣਾ ਰੋਡਵੇਜ਼ ਮਾਰ ਰਿਹੈ ਬਾਜ਼ੀ
ਬੱਸ ਅੱਡੇ ਵਿਚ ਦੇਖਣ ’ਚ ਆ ਰਿਹਾ ਹੈ ਕਿ ਲਾਭ ਕਮਾਉਣ ਦੇ ਮਾਮਲੇ ਵਿਚ ਹਰਿਆਣਾ ਰੋਡਵੇਜ਼ ਪੰਜਾਬ ਤੋਂ ਬਾਜ਼ੀ ਮਾਰ ਰਿਹਾ ਹੈ। ਲੰਮੇ ਰੂਟਾਂ ’ਤੇ ਹਰਿਆਣਾ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਯਾਤਰੀਆਂ ਦੇ ਮਿਲ ਰਹੇ ਹੁੰਗਾਰੇ ਕਾਰਨ ਹਰਿਆਣਾ ਤੇ ਅੰਬਾਲਾ, ਕੁਰੂਕਸ਼ੇਤਰ, ਪਾਨੀਪਤ, ਕਰਨਾਲ ਸਮੇਤ ਕਈ ਡਿਪੂਆਂ ਵੱਲੋਂ ਪੰਜਾਬ ’ਚ ਬੱਸਾਂ ਦੀ ਿਗਣਤੀ ਵਧਾਈ ਜਾ ਚੁੱਕੀ ਹੈ।

 ਸਵੇਰ ਸਮੇਂ ਚੱਲਣ ਵਾਲੀਆਂ ਰਾਜਸਥਾਨ ਦੀਆਂ ਬੱਸਾਂ ਪ੍ਰਤੀ ਯਾਤਰੀਆਂ ’ਚ ਉਤਸ਼ਾਹ
ਰਾਜਸਥਾਨ ਦੀਆਂ ਜਿਹੜੀਆਂ ਬੱਸਾਂ ਸਵੇਰ ਸਮੇਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਸਫਰ ਕਰਨ ਨੂੰ ਲੈ ਕੇ ਯਾਤਰੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਰਾਜਸਥਾਨ ਦੀਆਂ ਬੱਸਾਂ ਫੁੱਲ ਹੋ ਕੇ ਗਈਆਂ ਅਤੇ ਅੱਜ ਵੀ ਰਿਸਪਾਂਸ ਵਧੀਆ ਰਿਹਾ। ਇਸ ਲੜੀ ਵਿਚ ਦੇਖਣ ਵਿਚ ਆ ਰਿਹਾ ਹੈ ਕਿ ਜਲੰਧਰ ਡਿਪੂ ਦੀ ਸਵੇਰੇ 7.51 ਵਜੇ ਜਾਣ ਵਾਲੀ ਬੱਸ ਦਾ ਲੋਕ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਹੁੰਦੇ ਹਨ। ਉਕਤ ਬੱਸਾਂ ਜਲੰਧਰ ਤੋਂ ਤਿਆਰ ਹੋ ਕੇ ਚੱਲਦੀਆਂ ਹਨ।

Manoj

This news is Content Editor Manoj