ਪਾਰਕਿੰਗ ਵਾਲੀਆਂ ਥਾਵਾਂ ''ਤੇ ਬਣੇ ਸ਼ੋਅਰੂਮਾਂ ਦੀ ਆਵੇਗੀ ਸ਼ਾਮਤ

09/18/2019 2:02:31 PM

ਜਲੰਧਰ (ਖੁਰਾਣਾ)— ਜਨਸੰਖਿਆ ਵਧਣ ਦੇ ਨਾਲ-ਨਾਲ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਵਧ ਰਹੀ ਹੈ। ਸ਼ਹਿਰ ਦਾ ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਸੜਕਾਂ ਦੇ ਕੰਢੇ ਗੱਡੀਆਂ ਦੀ ਪਾਰਕਿੰਗ ਤੁਹਾਨੂੰ ਦਿਖਾਈ ਨਾ ਦੇਵੇ। ਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਮਰਸ਼ੀਅਲ ਬਿਲਡਿੰਗਾਂ ਹਨ, ਜਿਨ੍ਹਾਂ ਵਿਚ ਵੱਡੇ-ਵੱਡੇ ਮਾਲਜ਼, ਕਾਰਪੋਰੇਟ ਆਫਿਸ, ਸ਼ੋਅਰੂਮ, ਹਸਪਤਾਲ, ਹੋਟਲ ਜਾਂ ਹੋਰ ਸੰਸਥਾਨ ਚੱਲ ਰਹੇ ਹਨ ਪਰ ਕੁਝ ਹੀ ਬਿਲਡਿੰਗਾਂ ਅਜਿਹੀਆਂ ਹੋਣਗੀਆਂ ਜਿਨ੍ਹਾਂ ਨੇ ਆਪਣੀ ਪਾਰਕਿੰਗ ਦਾ ਪੂਰਾ ਪ੍ਰਬੰਧ ਆਪਣੀ ਹੀ ਬਿਲਡਿੰਗ ਦੇ ਅੰਦਰ ਕਰਕੇ ਰੱਖਿਆ ਹੋਵੇ।

ਨਿਯਮ ਅਨੁਸਾਰ ਕਿਸੇ ਵੀ ਬਿਲਡਿੰਗ ਨੂੰ ਬਣਾਉਂਦੇ ਸਮੇਂ ਸੰਭਾਵਿਤ ਪਾਰਕਿੰਗ ਦਾ ਏਰੀਆ ਖਾਲੀ ਛੱਡਣਾ ਪੈਂਦਾ ਹੈ ਅਤੇ ਉਸ ਏਰੀਏ ਵਿਚ ਕੋਈ ਨਿਰਮਾਣ ਨਹੀਂ ਹੋ ਸਕਦਾ ਅਤੇ ਕੋਈ ਹੋਰ ਗਤੀਵਧੀ ਨਹੀਂ ਚਲਾਈ ਜਾ ਸਕਦੀ ਪਰ ਸ਼ਹਿਰ ਵਿਚ ਹਜ਼ਾਰਾਂ ਅਜਿਹੀਆਂ ਬਿਲਡਿੰਗਾਂ ਹਨ, ਜਿਨ੍ਹਾਂ ਨੇ ਨਿਯਮ ਤੋੜੇ ਹੋਏ ਹਨ ਅਤੇ ਸ਼ਰੇਆਮ ਪਾਰਕਿੰਗ ਵਾਲੀਆਂ ਥਾਵਾਂ 'ਤੇ ਸ਼ੋਅਰੂਮ, ਆਫਿਸ, ਗੋਦਾਮ ਤੇ ਹੋਰ ਕਾਰੋਬਾਰ ਧੜੱਲੇ ਨਾਲ ਚੱਲ ਰਹੇ ਹਨ। ਕਈ ਸਾਲ ਪਹਿਲਾਂ ਨਗਰ ਨਿਗਮ ਨੇ ਪਾਰਕਿੰਗ ਵਾਲੀਆਂ ਥਾਵਾਂ 'ਤੇ ਚੱਲ ਰਹੇ ਸ਼ੋਅਰੂਮਾਂ ਵਿਰੁੱਧ ਜ਼ਬਰਦਸਤ ਮੁਹਿੰਮ ਛੇੜੀ ਸੀ ਅਤੇ ਕਈ ਥਾਵਾਂ 'ਤੇ ਡਿੱਚ ਚਲਾਈ ਸੀ, ਜਿਸ ਤੋਂ ਬਾਅਦ ਜ਼ਿਆਦਾਤਰ ਬਿਲਡਿੰਗਾਂ ਦੀ ਬੇਸਮੈਂਟ ਆਦਿ ਖਾਲੀ ਹੋ ਗਈ ਸੀ ਅਤੇ ਸ਼ਟਰ ਉਤਾਰ ਲਏ ਗਏ ਸਨ ਪਰ ਬਾਅਦ ਵਿਚ ਨਿਗਮ ਦੀ ਢਿੱਲ ਕਾਰਣ ਦੁਬਾਰਾ ਤੋਂ ਫਿਰ ਉਹੀ ਹਾਲਾਤ ਬਣ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਬਣਾਈਆਂ ਗਈਆਂ ਕਮਰਸ਼ੀਅਲ ਬਿਲਡਿੰਗਾਂ ਦੀ ਬੇਸਮੈਂਟ ਵਿਚ ਸ਼ਰੇਆਮ ਰੈਸਟੋਰੈਂਟ, ਆਫਿਸ ਜਾਂ ਸ਼ੋਅਰੂਮ ਆਦਿ ਚੱਲ ਰਹੇ ਹਨ। ਸ਼ਹਿਰ ਵਿਚ ਪਾਰਕਿੰਗ ਦੀ ਵਿਗੜ ਰਹੀ ਵਿਵਸਥਾ ਨੂੰ ਦੇਖਦੇ ਹੋਏ ਨਗਰ ਨਿਗਮ ਦੀ ਨਵੀਂ ਐਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਨੇ ਬੀਤੇ ਦਿਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ, ਜਿਸ ਦੌਰਾਨ ਨਿਰਦੇਸ਼ ਦਿੱਤੇ ਗਏ ਕਿ ਜਿਨ੍ਹਾਂ ਬਿਲਡਿੰਗਾਂ ਨੇ ਪਾਰਕਿੰਗ ਵਾਲੀ ਥਾਂ 'ਤੇ ਕਾਰੋਬਾਰ ਸ਼ੁਰੂ ਕੀਤੇ ਹਨ, ਉਨ੍ਹਾਂ ਦੀ ਰਿਪੋਰਟ ਦਿੱਤੀ ਜਾਵੇ। ਐਡੀਸ਼ਨਲ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੇ ਮਾਡਲ ਟਾਊਨ ਤੋਂ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਨਿਗਮ ਦੀ ਟੀਮ ਨੇ ਨਿਕ ਬੇਕਰ ਤੋਂ ਨੋ-ਐਗਜ਼ਿਟ ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਪੈਂਦੀਆਂ ਬਿਲਡਿੰਗਾਂ ਦਾ ਸਰਵੇ ਸ਼ੁਰੂ ਕੀਤਾ। ਇਸ ਟੀਮ ਨੇ ਕਮਰਸ਼ੀਅਲ ਬਿਲਡਿੰਗਾਂ ਰਾਹੀਂ ਨਕਸ਼ੇ ਵਿਚ ਦਿਖਾਈ ਗਈ ਪਾਰਕਿੰਗ ਅਤੇ ਉਸ ਥਾਂ 'ਤੇ ਚੱਲ ਰਹੇ ਕਾਰੋਬਾਰ ਦੀ ਰਿਪੋਰਟ ਤਿਆਰ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦੀ ਨਿਗਮ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਬਿਲਡਿੰਗਾਂ 'ਤੇ ਕੀ ਐਕਸ਼ਨ ਲਿਆ ਜਾਂਦਾ ਹੈ, ਇਹ ਸਮਾਂ ਹੀ ਦੱਸੇਗਾ।

ਪਾਰਕਿੰਗ ਏਰੀਏ ਤੋਂ ਆਉਂਦਾ ਹੈ ਮੋਟਾ ਕਿਰਾਇਆ
ਕਾਨੂੰਨਣ ਹਰ ਕਮਰਸ਼ੀਅਲ ਬਿਲਡਿੰਗ ਨੂੰ ਆਪਣੀ ਬੇਸਮੈਂਟ ਜਾਂ ਆਪਣੇ ਸਾਹਮਣੇ ਪਾਰਕਿੰਗ ਲਈ ਕਾਫੀ ਜਗ੍ਹਾ ਛੱਡਣੀ ਜ਼ਰੂਰੀ ਹੁੰਦੀ ਹੈ ਪਰ ਪਾਸ਼ ਖੇਤਰਾਂ ਵਿਚ ਜ਼ਮੀਨ ਦੇ ਰੇਟ ਕਾਫੀ ਵਧ ਚੁੱਕੇ ਹਨ। ਇਸ ਲਈ ਬਿਲਡਿੰਗ ਮਾਲਕ ਲਾਲਚ ਵਿਚ ਆ ਕੇ ਉਥੇ ਵੀ ਨਿਰਮਾਣ ਕਰ ਲੈਂਦੇ ਹਨ। ਜਿਨ੍ਹਾਂ ਬਿਲਡਿੰਗਾਂ ਦੇ ਅੱਗੇ ਪਾਰਕਿੰਗ ਹੋਣੀ ਹੁੰਦੀ ਹੈ, ਉਥੇ ਖਾਣ-ਪੀਣ ਦੇ ਸਟਾਲ, ਖੋਖੇ ਜਾਂ ਫਿਰ ਹੋਰ ਕਾਰੋਬਾਰ ਸ਼ੁਰੂ ਕਰ ਦਿੱਤੇ ਜਾਂਦੇ ਹਨ ਅਤੇ ਅਜਿਹੇ ਵਿਚ ਮੋਟਾ ਕਿਰਾਇਆ ਪਾਰਕਿੰਗ ਵਾਲੀਆਂ ਥਾਵਾਂ ਤੋਂ ਵਸੂਲਿਆ ਜਾਂਦਾ ਹੈ। ਇਸ ਕਾਰਨ ਅਜਿਹੀਆਂ ਬਿਲਡਿੰਗਾਂ ਦੇ ਅੱਗੇ ਸੜਕ 'ਤੇ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ ਅਤੇ ਪਾਰਕਿੰਗ ਲਈ ਕੋਈ ਥਾਂ ਨਹੀਂ ਬਚਦੀ।
ਮਾਡਲ ਟਾਊਨ ਦੀ ਗੱਲ ਕਰੀਏ ਤਾਂ ਪ੍ਰਕਾਸ਼ ਨਗਰ ਰੋਡ, ਰੇਨਬੋ ਰੋਡ, ਕਲਿਆਣ ਜਿਊਲਰ ਰੋਡ ਆਦਿ ਸੜਕਾਂ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਇਨ੍ਹਾਂ ਤਿੰਨਾਂ ਸੜਕਾਂ 'ਤੇ ਸੈਂਕੜੇ ਅਜਿਹੀਆਂ ਬਿਲਡਿੰਗਾਂ ਹਨ ਜਿਨ੍ਹਾਂ ਨੇ ਆਪਣੇ ਪਾਰਕਿੰਗ ਸਥਾਨ ਨੂੰ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਹੁਣ ਵੇਖਣਾ ਹੈ ਕਿ ਨਿਗਮ ਦੀ ਮੁਹਿੰਮ ਕੁਝ ਰੰਗ ਲਿਆਉਂਦੀ ਹੈ ਜਾਂ ਰਾਜਨੀਤਕਾਂ ਦੇ ਦਬਾਅ ਵਿਚ ਆ ਕੇ ਇਸ ਨੂੰ ਠੱਪ ਕਰ ਦਿੱਤਾ ਜਾਂਦਾ ਹੈ।

ਹਾਈ ਕੋਰਟ 'ਚ ਹੀ ਹੈ ਮਾਮਲਾ
ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਸ਼ਹਿਰ ਦੀਆਂ 350 ਦੇ ਕਰੀਬ ਨਾਜਾਇਜ਼ ਬਿਲਡਿੰਗਾਂ ਬਾਰੇ ਜੋ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਾਈ ਹੈ, ਉਸ ਵਿਚ ਜ਼ਿਆਦਾਤਰ ਬਿਲਡਿੰਗਾਂ ਵਲੋਂ ਕੀਤੀ ਗਈ ਪਾਰਕਿੰਗ ਏਰੀਏ ਦੀ ਵਾਇਲੇਸ਼ਨ ਨੂੰ ਮੁੱਦਾ ਬਣਾਇਆ ਗਿਆ ਹੈ। ਹਾਈ ਕੋਰਟ ਇਸ ਮਾਮਲੇ ਵਿਚ ਕਾਫੀ ਗੰਭੀਰ ਦਿਸ ਰਹੀ ਹੈ। ਜੇਕਰ ਹਾਈ ਕੋਰਟ ਵੱਲੋਂ ਕੋਈ ਹੁਕਮ ਆਉਂਦਾ ਹੈ ਤਾਂ ਨਿਗਮ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਹੋਵੇਗੀ।