ਦੇਖੋ ਕਿਵੇਂ ਰੋਪੜ ''ਚ ਬਿਨਾਂ ਠੇਕਾ ਲਏ ਠੇਕੇਦਾਰ ਵੱਲੋਂ ਕੀਤੀ ਗਈ ਨਾਜਾਇਜ਼ ਵਸੂਲੀ

04/01/2019 6:14:53 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਇਕ ਨਿੱਜੀ ਪਾਰਕਿੰਗ ਠੇਕੇਦਾਰ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੇਕੇਦਾਰ ਪਾਰਕਿੰਗ ਦੀ ਮਿਆਦ ਪੁਰੀ ਹੋਣ ਦੇ ਬਾਅਦ ਵੀ ਲੋਕਾਂ ਤੋਂ ਗੈਰ-ਕਾਨੂੰਨੀ ਪਾਰਕਿੰਗ ਵਸੂਲੀ ਕਰਕੇ ਲੋਕਾਂ ਨੂੰ ਲੁੱਟਦਾ ਨਜ਼ਰ ਆਇਆ। ਜਦੋਂ ਸਾਡੀ ਟੀਮ ਵੱਲੋਂ ਮਾਮਲੇ ਨੂੰ ਉਜਾਗਰ ਕੀਤਾ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀ ਹਰਕਤ 'ਚ ਆਏ ਅਤੇ ਠੇਕੇਦਾਰ ਦੀ ਲੁੱਟ ਬੰਦ ਕਰਵਾ ਕਾਰਵਾਈ ਸ਼ੁਰੂ ਕੀਤੀ। 
ਰੂਪਨਗਰ ਦੀ ਅਨਾਜ ਮੰਡੀ 'ਚ ਪਾਰਕਿੰਗ ਠੇਕੇ ਦੀ ਮਿਆਦ 31 ਮਾਰਚ 2019 ਨੂੰ ਪੂਰੀ ਹੋ ਚੁੱਕੀ ਹੈ ਪਰ ਮਿਆਦ ਪੂਰੀ ਹੋਣ ਦੇ ਬਾਅਦ ਵੀ ਠੇਕੇਦਾਰ ਦੇ ਕਰਿੰਦੇ ਇਕ ਅਪ੍ਰੈਲ ਨੂੰ ਗਰੀਬ ਲੋਕਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਜਬਰਨ ਪਾਰਕਿੰਗ ਦੀ ਵਸੂਲੀ ਕਰਦੇ ਰਹੇ। ਲੋਕਾਂ ਦੀ ਹੋ ਰਹੀ ਲੁੱਟ ਨੂੰ ਦੇਖਦੇ ਹੋਏ ਸਾਡੀ ਟੀਮ ਵੱਲੋਂ ਜਦੋਂ ਮਾਮਲੇ ਦੀ ਤੈਅ ਤੱਕ ਜਾਣ ਲਈ ਕਵਰੇਜ ਸ਼ੁਰੂ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਪਾਰਕਿੰਗ ਦੇ ਠੇਕੇ ਦੀ ਮਿਆਦ 31 ਮਾਰਚ ਨੂੰ ਖਤਮ ਹੋ ਗਈ ਅਤੇ ਨਵਾਂ ਠੇਕਾ ਹਾਲੇ ਕਿਸੇ ਨੂੰ ਜਾਰੀ ਨਹੀਂ ਕੀਤਾ ਗਿਆ ਪਰ ਠੇਕੇਦਾਰ ਗੈਰ-ਕਾਨੂੰਨੀ ਤਰੀਕੇ ਨਾਲ ਜਬਰਨ ਵਸੂਲੀ ਕਰ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਉਕਤ ਠੇਕੇਦਾਰ ਖਿਲਾਫ ਕਾਰਵਾਈ ਕੀਤੀ ਜਾਵੇ। 
ਅਨਾਜ ਮੰਡੀ 'ਚ ਲੋਕਾਂ ਤੋਂ ਪਾਰਕਿੰਗ ਫੀਸ ਵਸੂਲ ਰਹੇ ਨੌਜਵਾਨ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਮਾਰਕੀਟ ਕਮੇਟੀ ਵੱਲੋਂ ਪੈਸੇ ਇਕੱਠੇ ਕਰਨ ਲਈ ਕਿਹਾ ਹੈ। ਉਸ ਨੇ ਦੱਸਿਆ ਕਿ ਦਵਿੰਦਰ ਸਿੰਘ ਠੇਕੇਦਾਰ ਦੇ ਨਾਮ 'ਤੇ ਠੇਕਾ ਹੈ, ਜਿਸ ਰਾਹੀ ਉਹ ਪਾਰਕਿੰਗ ਫੀਸ ਵਸੂਲ ਰਿਹਾ ਹੈ। ਜਦੋਂ ਨੇੜੇ ਖੜ੍ਹੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਕੋਈ ਸਪਸ਼ਟ ਜਵਾਬ ਦਿੱਤੇ ਬਿਨਾਂ ਆਪਣੇ ਸਕੂਟਰ ਨੂੰ ਲੈ ਕੇ ਚਲਦੇ ਬਣੇ। 


ਸਾਰੇ ਮਾਮਲੇ ਦੀ ਤੈਅ ਤੱਕ ਜਾਣ ਲਈ ਸਾਡੀ ਟੀਮ ਵੱਲੋਂ ਮਾਰਕੀਟ ਕਮੇਟੀ ਰੂਪਨਗਰ ਦੀ ਸੱਕਤਰ ਦਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਇਆ ਹੈ,ਜਿਸ ਦੇ ਬਾਅਦ ਉਨ੍ਹਾਂ ਨੇ ਪਾਰਕਿੰਗ ਫੀਸ ਦੀ ਵਸੂਲੀ ਕਰ ਰਹੇ ਠੇਕੇਦਾਰ ਦੀ ਵਸੂਲੀ ਬੰਦ ਕਰਵਾ ਦਿੱਤੀ ਹੈ ਅਤੇ ਜਿੰਨੇ ਪੈਸੇ ਅੱਜ  ਇਕੱਠੇ ਕੀਤੇ ਹਨ ਉਹ ਸਰਕਾਰੀ ਖਜਾਨੇ 'ਚ ਜਮ੍ਹਾ ਕਰਵਾਏ ਜਾਣਗੇ। 
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਕਰਕੇ ਹਾਲੇ ਨਵਾਂ ਠੇਕਾ ਕਿਸੇ ਨੂੰ ਅਲਾਂਟ ਨਹੀਂ ਕੀਤਾ ਗਿਆ ਅਤੇ ਜਦੋਂ ਤੱਕ ਠੇਕਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਮਾਰਕੀਟ ਕਮੇਟੀ ਦੇ ਮੁਲਾਜ਼ਮ ਹੀ ਪਾਰਕਿੰਗ ਫੀਸ ਇਕੱਠੀ ਕਰਨਗੇ। ਜ਼ਿਕਰਯੋਗ ਹੈ ਕਿ ਜੇਕਰ ਮੀਡੀਆ ਇਸ ਮੁੱਦੇ ਨੂੰ ਨਾ ਚੁੱਕਦਾ ਤਾਂ ਮਾਰਕੀਟ ਕਮੇਟੀ ਦੀ ਅਣਦੇਖੀ ਕਰਕੇ ਠੇਕੇਦਾਰ ਵੱਲੋਂ ਲਗਾਤਾਰ ਇਸੇ ਤਰ੍ਹਾਂ ਗੈਰ-ਕਾਨੂੰਨੀ ਪਾਰਕਿੰਗ ਵਸੂਲੀ ਕਰਕੇ ਲੋਕਾਂ ਨੂੰ ਲੁੱਟਦੇ ਰਹਿਣਾ ਸੀ ।

shivani attri

This news is Content Editor shivani attri