ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਨੂੰ ਲੈ ਕੇ NHA ਨਾਲ ਕੀਤੀ ਮੀਟਿੰਗ

03/03/2020 1:24:58 PM

ਜਲੰਧਰ (ਚੋਪੜਾ)— ਨੈਸ਼ਨਲ ਹਾਈਵੇਅ ਅਥਾਰਿਟੀ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਵੱਲੋਂ ਪੀ. ਏ. ਪੀ. ਰੇਲਵੇ ਓਵਰਬ੍ਰਿਜ ਨੂੰ 8 ਲੇਨ ਬਣਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬੀਤੇ ਦਿਨ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ 8 ਲੇਨ ਸੜਕਾਂ 'ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੀ. ਏ. ਪੀ. ਫਲਾਈ ਓਵਰਬ੍ਰਿਜ ਨੂੰ 8 ਮਾਰਗ ਬਣਾਉਣ ਲਈ ਮੀਟਿੰਗ ਕੀਤੀ ਗਈ।

ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਆਯੋਜਿਤ ਇਸ ਮੀਟਿੰਗ ਦੌਰਾਨ ਮੌਜੂਦਾ ਸਮੇਂ 'ਚ 4-ਲੇਨ ਪੀ. ਏ. ਪੀ. ਰੇਲਵੇ ਓਵਰਬ੍ਰਿਜ ਨੂੰ 8-ਲੇਨ ਬਣਾਉਣ ਲਈ ਰਣਨੀਤੀ ਤਿਆਰ ਕਰਨ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ। ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਰੇਲਵੇ ਓਵਰਬ੍ਰਿਜ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਸਾਰੀਆਂ ਕਾਰਵਾਈਆਂ ਨੂੰ ਪੂਰਾ ਕੀਤਾ ਜਾਵੇ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ। ਡਿਪਟੀ ਕਮਿਸ਼ਨਰ ਨੇ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਮੇਂ 'ਤੇ ਹੋਰ ਵੀ ਬਹੁਤ ਹੀ ਪ੍ਰੋਫੈਸ਼ਨਲੀ ਢੰਗ ਨਾਲ ਪੂਰਾ ਕੀਤਾ ਜਾਵੇ, ਜਿਸ ਨਾਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਵਰਿੰਦਰ ਸ਼ਰਮਾ ਨੇ ਸਥਾਨਕ ਪੀ. ਏ. ਪੀ. ਅਤੇ ਰਾਮਾ ਮੰਡੀ ਚੌਕ 'ਚ ਆਵਾਜਾਈ ਨੂੰ ਵੀ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਅਤੇ ਪੁਲਸ ਅਧਿਕਾਰੀਆਂ ਦੀ ਜੁਆਇੰਟ ਰਣਨੀਤੀ ਬਣਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਐਲੀਵੇਟਿਡ ਡਰੇਨ ਜੋ ਕਿ ਆਵਾਜਾਈ 'ਚ ਸਮੱਸਿਆ ਪੈਦਾ ਕਰਦੀ ਹੈ, ਨੂੰ ਬਣਾਉਣ ਦੀ ਬਜਾਏ ਸਰਵਿਸ ਲੇਨ ਦੇ ਨਾਲ ਅੰਡਰਗਰਾਊਂਡ ਡਰੇਨ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਾਮਾ ਮੰਡੀ-ਪੀ. ਏ. ਪੀ. ਫਲਾਈਓਵਰ ਅਤੇ ਡਿਫੈਂਸ ਇਲਾਕੇ ਨਾਲ ਲੱਗਦੀਆਂ ਖਾਲੀ ਥਾਵਾਂ 'ਤੇ ਸਰਵਿਸ ਲੇਨ ਨੂੰ ਚੌੜਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਅਤੇ ਵਾਹਨ ਚਾਲਕਾਂ ਦੀਆਂ ਦਿੱਕਤਾਂ ਦੂਰ ਹੋ ਸਕਣ।

ਪੀ. ਏ. ਪੀ. ਓਵਰਬ੍ਰਿਜ ਨੂੰ ਸ਼ਹਿਰ ਤੋਂ ਜਾਂਦੀ ਸੜਕ ਨੂੰ ਬੰਦ ਕਰ ਦੇਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨ ਚਾਲਕਾਂ ਨੂੰ ਫਲਾਈਓਵਰ 'ਤੇ ਚੜ੍ਹਨ ਲਈ ਰਾਮਾ ਮੰਡੀ ਤੋਂ ਹੋ ਕੇ ਵਾਪਸ ਆਉਣਾ ਪੈਂਦਾ ਸੀ। ਇਸ ਸਮੱਸਿਆ ਨੂੰ ਲੈ ਕੇ ਵਿਧਾਇਕ ਰਾਜਿੰਦਰ ਬੇਰੀ ਅਤੇ ਕਾਂਗਰਸੀ ਆਗੂਆਂ ਨੇ ਹਾਈਵੇ 'ਤੇ ਧਰਨਾ ਲਾ ਕੇ ਚੱਕਾ ਜਾਮ ਵੀ ਕੀਤਾ ਸੀ, ਜਿਸ ਤੋਂ ਬਾਅਦ 28 ਫਰਵਰੀ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ 'ਤੇ ਜਲੰਧਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪੀ. ਏ. ਪੀ. ਬ੍ਰਿਜ ਸਮੇਤ ਹਾਈਵੇਅ ਦੇ ਅਧੀਨ ਆਉਂਦੇ ਬਲੈਕ ਸਪਾਟਸ ਦਾ ਮੁਆਇਨਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ। ਜ਼ਿਲਾ ਪ੍ਰਸ਼ਾਸਨ ਨੇ ਚੇਅਰਮੈਨ ਸੰਧੂ ਨੂੰ ਫਲਾਈਓਵਰ ਨੂੰ 4 ਲੇਨ ਤੋਂ 6 ਲੇਨ ਬਣਾਉਣ ਨੂੰ ਪ੍ਰਸਤਾਵਿਤ ਦੋ ਡਰਾਇੰਗਾਂ ਵੀ ਦਿਖਾਈਆਂ ਸਨ ਪਰ ਚੇਅਰਮੈਨ ਸੰਧੂ ਨੇ ਭਵਿੱਖ ਦੇ 25-30 ਸਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਲਾਈਓਵਰ ਨੂੰ 6 ਦੀ ਬਜਾਏ 8 ਲੇਨ ਬਣਾਉਣ ਦਾ ਸੁਝਾਅ ਦਿੰਦੇ ਹੋਏ ਇਸ ਦੀ ਮਨਜ਼ੂਰੀ ਦੇ ਦਿੱਤੀ ਸੀ। 'ਜਗ ਬਾਣੀ' ਨੇ ਪੀ. ਏ. ਪੀ. ਰੇਲਵੇ ਓਵਰਬ੍ਰਿਜ ਦੇ 8 ਲੇਨ ਬਣਨ ਦਾ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ। ਬੀਤੇ ਦਿਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਹਾਈਵੇਅ ਦੇ ਅਧਿਕਾਰੀਆਂ ਵਿਚਕਾਰ ਓਵਰਬ੍ਰਿਜ ਨੂੰ 8 ਲੇਨ ਬਣਾਉਣ ਨੂੰ ਲੈ ਕੇ ਕੰਮ ਸ਼ੁਰੂ ਕਰਨ ਨੇ 'ਜਗ ਬਾਣੀ' ਦੀ ਖਬਰ 'ਤੇ ਆਪਣੀ ਮੋਹਰ ਲਾ ਦਿੱਤੀ ਹੈ।

ਬਿਜਲੀ ਬੋਰਡ, ਸੀਵਰੇਜ ਬੋਰਡ, ਟਰੈਫਿਕ ਪੁਲਸ ਅਤੇ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਦੀ ਬਣਾਈ ਸੰਯੁਕਤ ਟੀਮ
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਿਜਲੀ ਬੋਰਡ, ਸੀਵਰੇਜ ਬੋਰਡ, ਟਰੈਫਿਕ ਪੁਲਸ ਅਤੇ ਰੈਵੇਨਿਊ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀ ਇਕ ਸੰਯੁਕਤ ਟੀਮ ਬਣਾ ਕੇ ਅੱਜ ਹੀ ਮੌਕੇ ਦਾ ਮੁਆਇਨਾ ਕਰਨ ਨੂੰ ਭੇਜਿਆ ਤਾਂ ਜੋ ਇਨ੍ਹਾਂ ਵਿਭਾਗਾਂ ਦੇ ਅਧਿਕਾਰੀ ਪ੍ਰਾਜੈਕਟ ਦੇ ਨਿਰਮਾਣ 'ਚ ਆਉਣ ਵਾਲੀਆਂ ਦਿੱਕਤਾਂ ਨੂੰ ਪਹਿਲਾਂ ਹੀ ਦੂਰ ਕਰਨ ਨੂੰ ਲੈ ਕੇ ਰਣਨੀਤੀ ਤਿਆਰ ਕਰ ਸਕਣ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦੋ ਦਿਨਾਂ 'ਚ ਸਮੁੱਚੀ ਪਲਾਨ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰਨ ਤਾਂ ਜੋ ਪਲਾਨ ਰਿਪੋਰਟ ਮਿਲਣ ਤੋਂ ਬਾਅਦ ਐਕਸਪਟਰਸ ਦੀ ਰਾਏ ਲੈ ਕੇ ਇਸ ਪ੍ਰਾਜੈਕਟ ਦੀ ਡਰਾਇੰਗ ਤਿਆਰ ਕਰ ਕੇ ਇਸ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਭੇਜਿਆ ਜਾ ਸਕੇ। ਇਸ ਦੌਰਾਨ 8 ਲੇਨ ਬਣਾਉਣ ਨੂੰ ਲੈ ਕੇ ਵਿਚ-ਵਿਚ ਆਉਣ ਵਾਲੇ ਬਿਜਲੀ ਦੇ ਖੰਭਿਆਂ ਅਤੇ ਸੀਵਰੇਜ ਨੂੰ ਪਹਿਲਾਂ ਹੀ ਬਦਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ 8 ਲੇਨ ਪ੍ਰਾਜੈਕਟ ਪੂਰੀ ਰਫਤਾਰ ਨਾਲ ਪੂਰਾ ਹੋਵੇ ਪਰ ਪ੍ਰਾਜੈਕਟ ਡਰਾਇੰਗ ਬਣਨ ਤੋਂ ਬਾਅਦ ਰੇਲਵੇ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਓਵਰਬ੍ਰਿਜ ਨੂੰ 8 ਲੇਨ ਬਣਾਉਣ ਲਈ ਕੋਈ ਜ਼ਮੀਨ ਰਾਹ 'ਚ ਆਉਂਦੀ ਹੈ ਤਾਂ ਉਸ ਨੂੰ ਐਕਵਾਇਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬਾਰੇ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਸ਼ਾਨਦੇਹੀ ਕਰਨ ਨੂੰ ਕਿਹਾ ਗਿਆ ਹੈ।


shivani attri

Content Editor

Related News