ਟ੍ਰੈਫਿਕ ਪੁਲਸ ਅਧਿਕਾਰੀਆਂ ਨੇ ਕੀਤਾ ਪੀ. ਏ. ਪੀ. ਫਲਾਈਓਵਰ ਦਾ ਮੁਆਇਨਾ

09/18/2019 3:49:28 PM

ਜਲੰਧਰ (ਜ. ਬ.)— ਪਿਛਲੇ 6 ਮਹੀਨਿਆਂ ਤੋਂ ਬੰਦ ਪੀ. ਏ. ਪੀ. ਫਲਾਈਓਵਰ ਦੀ ਅੰਮ੍ਰਿਤਸਰ ਨੂੰ ਜਾਣ ਵਾਲੀ ਸਰਵਿਸ ਲੇਨ ਦਾ ਮੁਆਇਨਾ ਕਰਨ ਲਈ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਟ੍ਰੈਫਿਕ ਦੇ ਨਾਲ ਮੌਕੇ 'ਤੇ ਪਹੁੰਚੇ। ਫਲਾਈਓਵਰ ਦੀਆਂ ਦੋਵਾਂ ਸਾਈਡਾਂ ਦਾ ਮੁਆਇਨਾ ਕਰਨ ਤੋਂ ਬਾਅਦ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਫਲਾਈਓਵਰ ਹੀ ਠੀਕ ਨਹੀਂ ਬਣਿਆ। ਜੇਕਰ ਲੇਨ ਨੂੰ ਇਸ ਸਥਿਤੀ 'ਚ ਖੋਲ੍ਹਿਆ ਤਾਂ ਲੋਕਾਂ ਦੀ ਜਾਨ ਖਤਰੇ 'ਚ ਪਾਉਣ ਵਾਲੀ ਗੱਲ ਹੋਵੇਗੀ। ਡੀ. ਸੀ. ਪੀ. ਡੋਗਰਾ ਨੇ ਕਿਹਾ ਹੈ ਕਿ ਫਲਾਈਓਵਰ ਉੱਪਰੋਂ ਕਾਫੀ ਚੌੜਾ ਹੈ ਪਰ ਜਿਉਂ ਹੀ ਟ੍ਰੈਫਿਕ ਪੀ. ਏ. ਪੀ. ਆਰ. ਓ. ਬੀ. ਦੇ ਵੱਲ ਉਤਰਦਾ ਹੈ ਤਾਂ ਆਰ. ਓ. ਬੀ. ਘੱਟ ਚੌੜੀ ਹੋਣ ਕਾਰਨ ਅਤੇ ਸਰਵਿਸ ਲੇਨ ਤੋਂ ਆਉਣ ਵਾਲਾ ਟ੍ਰੈਫਿਕ ਆਪਸ 'ਚ ਮਰਜ ਹੋਵੇਗਾ, ਜਿਸ ਕਾਰਣ ਐਕਸੀਡੈਂਟ ਹੋਣਗੇ। ਡੀ. ਸੀ. ਪੀ. ਨੇ ਕਿਹਾ ਕਿ ਲੇਨ ਖੋਲ੍ਹਣ ਦਾ ਮਤਲਬ ਸੜਕ ਹਾਦਸਿਆਂ ਨੂੰ ਸੱਦਾ ਦੇਣਾ ਹੈ।
ਉਥੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਫਲਾਈਓਵਰ ਦੀ ਢਲਾਨ ਜੇਕਰ ਆਰ. ਓ. ਬੀ. ਤੋਂ ਕੁਝ ਦੂਰੀ 'ਤੇ ਹੁੰਦੀ ਤਾਂ ਫਲਾਈਓਵਰ ਦੀ ਲੇਨ ਬੰਦ ਹੋਣ ਦਾ ਸਵਾਲ ਨਾ ਉੱਠਦਾ। ਉਨ੍ਹਾਂ ਕਿਹਾ ਕਿ ਸਰਵਿਸ ਲੇਨ ਉਦੋਂ ਤੱਕ ਖੋਲ੍ਹੀ ਨਹੀਂ ਜਾ ਸਕਦੀ ਜਦੋਂ ਤਕ ਰਾਮਾ ਮੰਡੀ ਫਲਾਈਓਵਰ ਬਣ ਕੇ ਤਿਆਰ ਨਹੀਂ ਹੋ ਜਾਂਦਾ।

ਪੈਚਵਰਕ ਦਾ ਕੰਮ ਤੇਜ਼ੀ ਨਾਲ ਸ਼ੁਰੂ
ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਹਾਈਵੇ 'ਤੇ ਲੱਗਣ ਵਾਲੇ ਜਾਮ ਕਾਰਣ ਬਣੇ ਹੋਏ ਟੋਇਆਂ ਨੂੰ ਭਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਕਾਫੀ ਹੱਦ ਤੱਕ ਪੈਚਵਰਕ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਜਾਰੀ ਵੀ ਹੈ। ਆਉਣ ਵਾਲੇ ਦਿਨਾਂ ਵਿਚ ਸਾਰੇ ਟੋਇਆਂ ਨੂੰ ਭਰ ਦਿੱਤਾ ਜਾਵੇਗਾ ਅਤੇ ਜਾਮ ਦੀ ਸਥਿਤੀ ਪੈਦਾ ਨਹੀਂ ਹੋਵੇਗੀ।

ਫਲਾਈਓਵਰ ਦੇ ਹੇਠਾਂ ਕਬਜ਼ਿਆਂ ਨੂੰ ਹਟਾਉਣ ਲਈ ਲਾਈ ਐੱਸ. ਐੱਚ. ਓਜ਼ ਦੀ ਡਿਊਟੀ
ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਫਲਾਈਓਵਰ ਦੇ ਆਲੇ-ਦੁਆਲੇ ਝੁੱਗੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ਾ ਕਰ ਕੇ ਝੌਂਪੜੀਆਂ ਬਣਾ ਲਈਆਂ ਹਨ, ਜਦਕਿ ਉਥੇ ਖਾਣਾ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਦੇਰ ਰਾਤ ਜੇਕਰ ਕੋਈ ਵੀ ਹਾਦਸਾ ਹੋਇਆ ਅਤੇ ਵਾਹਨ ਝੌਂਪੜੀਆਂ ਵੱਲ ਆ ਗਏ ਤਾਂ ਜਾਨੀ ਨੁਕਸਾਨ ਦਾ ਕਾਫੀ ਡਰ ਹੈ, ਜਿਸ ਕਾਰਨ ਝੌਂਪੜੀਆਂ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਝੌਂਪੜੀਆਂ ਨੂੰ ਹਟਾਉਣ ਲਈ ਸਬੰਧਤ ਥਾਣਿਆਂ ਦੇ ਐੱਸ. ਐੱਚ. ਓਜ਼ ਦੀ ਡਿਊਟੀ ਲਗਾ ਦਿੱਤੀ ਗਈ ਹੈ।

shivani attri

This news is Content Editor shivani attri