ਟ੍ਰਿਨਿਟੀ ਕਾਲਜ ਕਰ ਸਕਦਾ ਹੈ ਪੀ. ਏ. ਪੀ. ਚੌਕ ਦਾ ਸੁੰਦਰੀਕਰਨ

02/10/2020 6:15:22 PM

ਜਲੰਧਰ (ਵਰੁਣ)— ਪੀ. ਏ. ਪੀ. ਚੌਕ ਦੇ ਸੁੰਦਰੀਕਰਨ ਲਈ ਟ੍ਰਿਨਿਟੀ ਕਾਲਜ ਜਲਦੀ ਹੀ ਹਾਮੀ ਭਰ ਸਕਦਾ ਹੈ। ਕੁਝ ਸਮਾਂ ਪਹਿਲਾਂ ਐੱਨ. ਐੱਚ. ਏ. ਆਈ. ਅਤੇ ਟਰੈਫਿਕ ਪੁਲਸ ਦੇ ਅਧਿਕਾਰੀਆਂ ਸਮੇਤ ਪੀ. ਏ. ਪੀ. ਚੌਕ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਰਜਿੰਦਰ ਬੇਰੀ ਨੇ ਚੌਕ ਦੇ ਸੁੰਦਰੀਕਰਨ ਲਈ ਨਿੱਜੀ ਕੰਪਨੀ ਨੂੰ ਠੇਕਾ ਦੇਣ ਜਾਂ ਫਿਰ ਚਾਹਵਾਨ ਕੰਪਨੀਆਂ ਤੋਂ ਚੌਕ ਨੂੰ ਖੂਬਸੂਰਤ ਬਣਾਉਣ ਦੀ ਗੱਲ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਨੂੰ ਬੇਰੀ ਨੇ ਅਮਲੀ ਜਾਮਾ ਪੁਆਉਣ ਲਈ ਟ੍ਰਿਨਿਟੀ ਕਾਲਜ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ।

ਵਿਧਾਇਕ ਰਜਿੰਦਰ ਬੇਰੀ ਦਾ ਦਾਅਵਾ ਹੈ ਕਿ ਕਾਲਜ ਨੇ ਹਾਮੀ ਭਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਪ੍ਰਬੰਧਕਾਂ ਨੂੰ ਸਾਰਾ ਪ੍ਰਪੋਜ਼ਲ ਸਮਝਾ ਦਿੱਤਾ ਹੈ। ਹਾਲਾਂਕਿ ਅਜੇ ਕਾਲਜ ਦੇ ਪ੍ਰਬੰਧਕਾਂ ਨੂੰ ਕਿਸੇ ਤਰ੍ਹਾਂ ਦੇ ਐਸਟੀਮੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਬੇਰੀ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਹੈ ਕਿ ਕਾਲਜ ਵਲੋਂ ਹਾ-ਪੱਖੀ ਹੁੰਗਾਰਾ ਸਮਝਿਆ ਜਾਵੇ। ਰਿਸਪਾਂਸ ਮਿਲਣ ਦੇ ਬਾਅਦ ਪ੍ਰਸ਼ਾਸਨ ਪੀ. ਏ. ਪੀ. ਚੌਕ 'ਤੇ ਕੰਮ ਸ਼ੁਰੂ ਕਰਨ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਤੋਂ ਐੱਨ. ਓ. ਸੀ. ਲਵੇਗਾ। ਐੱਨ. ਓ. ਸੀ. ਨੂੰ ਲੈ ਕੇ ਐੱਨ. ਐੱਚ. ਏ. ਆਈ. ਦੇ ਅਧਿਕਾਰੀ ਜਾਇਜ਼ੇ ਦੇ ਸਮੇਂ ਹੀ ਐੱਨ. ਓ. ਸੀ. ਆਸਾਨੀ ਨਾਲ ਦੇਣ ਦਾ ਭਰੋਸਾ ਦੇ ਚੁੱਕੇ ਹਨ। ਪੀ. ਏ. ਪੀ. ਚੌਕ 'ਤੇ ਸਰਮਾਟ ਸਿਟੀ ਦਾ ਲੋਗੋ ਵੀ ਲਾਇਆ ਜਾਵੇਗਾ, ਜਦਕਿ ਫੁੱਲ-ਬੂਟੇ ਅਤੇ ਖੂਬਸੂਰਤ ਪੇਂਟਿੰਗ ਨਾਲ ਚੌਕ ਦਾ ਸੁੰਦਰੀਕਰਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਪੀ. ਏ. ਪੀ. ਚੌਕ ਸਮੇਤ ਹਾਈਵੇ 'ਤੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਡੀ. ਸੀ., ਸੀ. ਪੀ., ਵਿਧਾਇਕ ਰਜਿੰਦਰ ਬੇਰੀ, ਟਰੈਫਿਕ ਪੁਲਸ ਅਤੇ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਵਿਧਾਇਕ ਬੇਰੀ, ਟਰੈਫਿਕ ਪੁਲਸ ਅਤੇ ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਡਾਇਰੈਕਟਰ ਨੇ ਪੀ. ਏ. ਪੀ. ਚੌਕ 'ਤੇ ਜਾ ਕੇ ਜਾਇਜ਼ਾ ਵੀ ਲਿਆ ਸੀ।
ਚੌਕ ਨੂੰ ਲੈ ਕੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਕਾਫ਼ੀ ਚਿੰਤਾ ਜਤਾਈ ਸੀ, ਜਿਸ ਤੋਂ ਬਾਅਦ ਵਿਧਾਇਕ ਬੇਰੀ ਨੇ ਚੌਕ ਨੂੰ ਖੂਬਸੂਰਤ ਬਣਾਉਣ ਲਈ ਖੁਦ ਦੀ ਜ਼ਿੰਮੇਵਾਰੀ ਦੱਸੀ ਸੀ। ਫਿਲਹਾਲ ਪੀ. ਏ. ਪੀ. ਚੌਕ ਦੀ ਹਾਲਤ ਕਾਫ਼ੀ ਮਾੜੀ ਹੈ। ਟਰੈਫਿਕ ਪੁਲਸ ਨੇ ਉਥੋਂ ਕੰਕਰੀਟ ਦੇ ਵੱਡੇ-ਵੱਡੇ ਸਲੈਬ ਤਾਂ ਚੁੱਕਾ ਦਿੱਤੇ ਹਨ ਪਰ ਅਜੇ ਵੀ ਚੌਕ 'ਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲੱਗੇ ਹਨ ਅਤੇ ਪਾਣੀ ਖੜ੍ਹਾ ਹੈ। ਅਜੇ ਤੱਕ ਚੌਕ 'ਤੇ ਲਾਈਟਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ।


shivani attri

Content Editor

Related News