ਪੇਂਟਰ ਨੂੰ ਮਾਰਨ ਦੇ ਦੋਸ਼ ’ਚ ਠੇਕੇਦਾਰ ਅਤੇ ਦੋ ਹੋਰਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

08/16/2022 10:32:18 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼) - ਟਾਂਡਾ ਪੁਲਸ ਨੇ ਪੇਂਟ ਦਾ ਕੰਮ ਕਰਨ ਵਾਲੇ ਯੂ.ਪੀ. ਨਾਲ ਸੰਬੰਧਿਤ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿਚ ਉਸਦੇ ਠੇਕੇਦਾਰ ਅਤੇ ਦੋ ਹੋਰਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਮੌਤ ਦਾ ਸ਼ਿਕਾਰ ਹੋਏ ਤਾਲਿਬ ਦੇ ਪਿਤਾ ਮੁਕਰਮ ਪੁੱਤਰ ਗਰੂਫ ਵਾਸੀ ਪਿੰਡ ਰੇਹੜੀ ਮੋਹੀਦੀਨਪੁਰ (ਸਹਾਰਨਪੁਰ) ਉੱਤਰ ਪ੍ਰਦੇਸ਼ ਦੇ ਬਿਆਨਾਂ ਦੇ ਅਧਾਰ ’ਤੇ ਪਿੰਡ ਦੇ ਠੇਕੇਦਾਰ ਸ਼ਕੀਲ ਪੁੱਤਰ ਜਮੀਲ, ਗੁਫਰਾਨ ਪੁੱਤਰ ਇਨਾਮ ਅਤੇ ਇਕਰਾਮ ਪੁੱਤਰ ਇਨਾਮ ਖ਼ਿਲਾਫ਼ ਦਰਜ ਕੀਤਾ ਹੈ।

ਆਪਣੇ ਬਿਆਨ ਵਿਚ ਮੁਕਰਮ ਨੇ ਦੱਸਿਆ ਕਿ ਉਸਦਾ ਪੁੱਤਰ ਤਾਲਿਬ ਉਕਤ ਮੁਲਜਮਾਂ ਕੋਲ ਟਾਂਡਾ ਇਲਾਕੇ ਵਿਚ ਰਹਿ ਕੇ ਘਰਾਂ ਵਿਚ ਪੇਂਟ ਕਰਨ ਲਈ ਪਿਛਲੇ 4 ਵਰ੍ਹਿਆਂ ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਕੰਮ ਕਰ ਰਿਹਾ ਸੀ। ਉਸਦੇ ਪੁੱਤਰ ਨੇ ਪਿਛਲੇ ਦੋ ਵਰ੍ਹਿਆਂ ਤੋਂ ਕੰਮ ਦਾ ਕੋਈ ਪੈਸੇ ਨਹੀਂ ਲਿਆ ਸੀ। 4 ਅਗਸਤ ਨੂੰ ਤਾਲਿਬ ਦੇ ਭਰਾ ਸਮੀਹ ਕੋਲੋਂ ਜਦੋਂ ਉਸਨੇ ਮਿਹਨਤਾਨਾ ਮੰਗਿਆ ਤਾਂ ਉਸਨੇ ਕੁਝ ਦਿਨਾਂ ਵਿਚ ਪ੍ਰਬੰਧ ਕਰਨ ਦਾ ਕਿਹਾ। ਇਸ ਦੌਰਾਨ ਉਸਦੇ ਲੜਕੇ ਦਾ ਉਸਨੂੰ ਫੋਨ ਆਇਆ ਕਿ ਤੁਸੀਂ ਇਨ੍ਹਾਂ ਲੋਕਾਂ ਕੋਲੋਂ ਪੈਸੇ ਮੰਗ ਰਹੇ ਹੋ ਇਹ ਮਾਰ ਦੇਣਗੇ।

ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਮੁਲਜਮਾਂ ਦਾ ਫੋਨ ਆਇਆ ਕਿ ਉਸਦਾ ਮੁੰਡਾ ਬੀਮਾਰ ਹੈ ਅਤੇ ਉਹ ਉਸਨੂੰ ਉਸ ਕੋਲ ਲੈਕੇ ਆ ਰਹੇ ਹਨ। ਫਿਰ ਗੁਫਰਾਨ ਉਸਦੇ ਮਰੇ ਪੁੱਤਰ ਨੂੰ ਉਸਦੇ ਘਰ ਤੋਂ ਕੁਝ ਦੂਰੀ ’ਤੇ ਛੱਡ ਕੇ ਚਲੇ ਗਏ। ਮੁਕਰਮ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਉਸਦੇ ਪੁੱਤਰ ਦਾ ਕਤਲ ਕੀਤਾ ਹੈ। ਵਧੀਕ ਡਾਇਰੈਕਟਰ ਜਨਰਲ ਪੁਲਸ ਮਨੁੱਖੀ ਅਧਿਕਾਰ ਪੰਜਾਬ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। 

rajwinder kaur

This news is Content Editor rajwinder kaur