ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦੇ ਬਾਵਜੂਦ ਸੂਬੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ

06/11/2020 11:55:49 PM

ਸੁਲਤਾਨਪੁਰ ਲੋਧੀ (ਧੀਰ)— ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ 10 ਜੂਨ ਤੋਂ ਸੂਬੇ 'ਚ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਵਾਸੀ ਮਜਦੂਰਾਂ ਦੀ ਬੇਹੱਦ ਕਮੀ ਦੇ ਬਾਵਜੂਦ ਕਈ ਕਿਸਾਨਾਂ ਨੇ ਪੰਜਾਬੀ ਲੇਬਰ ਨਾਲ ਹੀ ਝੋਨੇ ਦੀ ਲਵਾਈ ਦਾ ਕੰਮ ਆਰੰਭ ਕਰ ਦਿੱਤਾ ਹੈ। ਕਿਸਾਨਾਂ ਨੂੰ ਝੋਨੇ ਦੀ ਲਵਾਈ ਨਿਰਵਿਘਨ ਰੋਜਾਨਾ 8 ਘੰਟੇ ਬਿਜਲੀ ਦੀ ਸਪਲਾਈ ਦੇਣ ਲਈ ਪਾਵਰਕਾਮ ਨੇ ਵੀ ਪੂਰੀ ਕਮਰ ਕੱਸੀ ਹੋਈ ਹੈ। ਸੂਬੇ ਦੇ 14 ਲੱਖ ਟਿਊਬਵੈਲਾਂ ਵੱਲੋਂ ਝੋਨਾ ਲਾਉਣ ਲਈ ਧਰਤੀ ਦੀ ਹਿੱਕ ਵਿੱਚੋਂ ਪਾਣੀ ਕੱਢਿਆ ਜਾਵੇਗਾ।

ਖੇਤੀਬਾੜੀ ਵਿਭਾਗ ਨੇ ਇਸ ਵਾਰ ਸੂਬੇ ਅੰਦਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਟੀਚਾ ਮਿੱਥਿਆ ਹੈ। ਪਾਵਰਕਾਮ ਅਧਿਕਾਰੀਆਂ ਮੁਤਾਬਕ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ 10 ਜੂਨ ਤੋਂ ਸਰਕਾਰ ਨੇ ਝੋਨੇ ਦੀ ਲਵਾਈ ਦੀ ਇਜਾਜਤ ਦਿੱਤੀ ਹੈ ਅਤੇ ਇਸ ਦਿਨ ਤੋਂ ਹੀ ਪਾਵਰਕਾਮ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਟਿਊਬਵੈਲਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਹੀ ਪਾਵਰਕਾਮ ਦੇ ਸਿਰ ਉਪਰ ਕਰੀਬ 700 ਮੈਗਾਵਾਟ ਬਿਜਲੀ ਲੋਡ ਵੱਧ ਜਾਵੇਗਾ। ਝੋਨੇ ਦੇ ਸੀਜਨ ਸਬੰਧੀ ਪਾਵਰਕਾਮ ਵਲੋਂ ਕਿਸਾਨਾਂ ਨੂੰ ਤਿੰਨ ਸ਼ਿਫਟਾਂ 'ਚ 8-8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਪਾਵਰਕਾਮ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਨੰ: 2 ਦੇ ਐੱਸ. ਡੀ. ਓ. ਇੰਜੀ. ਗੁਰਦੀਪ ਸਿੰਘ ਮੁਤਾਬਕ ਕਿਸਾਲਾਂ ਨੂੰ ਬਿਜਲੀ ਸਪਲਾਈ ਦੇਣ ਦੇ ਪੂਰੇ ਪ੍ਰਬੰਧ ਹਨ ਤੇ ਇਸ ਨਾਲ ਵੱਖ ਵੱਖ ਸ਼੍ਰੇਣੀਆਂ ਦੇ ਦੂਜੇ ਖਪਤਕਾਰਾਂ ਨੂੰ ਵੀ ਨਿਰਵਿਘਨ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਵਾਰ ਸੂਬੇ ਅੰਦਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਅੰਦਾਜਾ ਹੈ ਇਸ 'ਚੋਂ 20 ਲੱਖ ਹੈਕਟੇਅਰ ਅੰਦਰ ਆਮ ਝੋਨੇ ਦੀ ਬਿਜਾਈ ਦਾ ਅਨੁਮਾਨ ਹੈ ਹੈ ਜਿਸ ਨੂੰ ਬਾਸਮਤੀ ਦਾ ਰਕਬਾ ਵੀ ਆਉਂਦਾ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਕਿਸਾਨਾਂ ਵਲੋਂ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ ਗਈ ਹੈ। ਕਿਸਾਨਾਂ ਵਲੋਂ ਵੀ ਆਪਣੇ ਖੇਤਾਂ ਅੰਦਰ ਝੋਨਾ ਲਾਉਣ ਲਈ ਤਿਆਰੀਆਂ ਪੁਰੀਆਂ ਕਰ ਲਈਆਂ ਹਨ ਤੇ ਬਿਜਲੀ ਸਪਲਾਈ ਸ਼ੁਰੂ ਹੋਣ 'ਤੇ ਇਸ 'ਚ ਹੋਰ ਤੇਜ਼ੀ ਆਵੇਗੀ।

ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ ਸ਼ਿਕਾਇਤ ਦਰਜ
ਇਸ ਸਬੰਧੀ ਪਾਵਰਕਾਮ ਦੇ ਨਵੇਂ ਨਿਯੁਕਤ ਸੀ. ਐੱਮ. ਡੀ ਦੇ ਵੇਨੂੰ ਪ੍ਰਸ਼ਾਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਸੂਬੇ ਅੰਦਰ ਕਿਸਾਨਾਂ ਦੇ ਨਾਲ ਨਾਲ ਸਾਰੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੇਣ ਯਕੀਨੀ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦਸਿਆ ਕਿ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਝੋਨੇ ਦੇ ਸੀਜਨ ਨੂੰ ਵੇਖਦਿਆਂ ਆਪਣਾ ਹੈੱਡ ਕੁਆਟਰ ਨਾ ਛੱਡਣ ਲਈ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਸਥਿਤੀ ਨੂੰ ਅਪਡੇਟ ਕਰਨ ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜੋਨਲ ਪੱਧਰ ਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ੇਸ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਖਪਤਕਾਰ ਟੋਲ ਫਰੀ ਨੰ: 1800-180-1512 'ਤੇ ਮਿਸਡ ਕਾਲ ਦੇ ਕੇ ਸ਼ਿਕਾਇਤ ਵੀ ਦਰਜ ਕਰ ਸਕਦੇ ਹਨ।

ਪ੍ਰਵਾਸੀ ਮਜ਼ਦੂਰਾਂ ਦੀ ਘਾਟ ਮਹਿਸੂਸ ਹੋ ਰਹੀ ਕਿਸਾਨਾਂ ਨੂੰ
ਕਿਸਾਨ ਅਮਰਜੀਤ ਸਿੰਘ ਬਚਿੱਤਰ ਸਿੰਘ, ਮਲਕੀਤ ਸਿੰਘ, ਪਰਵਿੰਦਰ ਸਿੰਘ ਅਨੁਸਾਰ ਕੋਰੋਨਾ ਸੰਕਟ ਦੌਰਾਨ ਪ੍ਰਵਾਸੀ ਮਜਦੂਰਾਂ ਦੇ ਆਪਣੇ ਸੂਬੇ ਨੂੰ ਚਲੇ ਜਾਣ ਕਾਰਨ ਝੋਨੇ ਦੀ ਲਵਾਈ ਸਮੇਂ ਬਹੁਤ ਘਾਟ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਥਾਵਾਂ ਤੇ ਪ੍ਰਵਾਸੀ ਮਜਦੂਰਾਂ ਨੇ ਦੁਬਾਰਾ ਆਉਣਾ ਸ਼ੁਰੂ ਕਰ ਦਿੱਤਾ ਹੈ ਤੇ ਜੇ ਉਹ ਦੁਬਾਰਾ ਪੰਜਾਬ ਆਉਂਦੇ ਹਨ ਤਾਂ ਝੋਨੇ ਦੀ ਲਵਾਈ ਦਾ ਕੰਮ ਸਾਡਾ ਬਹੁਤ ਸੋਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਨੂੰ ਵੀ ਆਪਣੀ ਤਰਫੋਂ ਯਤਨ ਕਰਨੇ ਚਾਹੀਦੇ ਹਨ।


shivani attri

Content Editor

Related News