ਝੋਨੇ ਦੀ ਅਗੇਤੀ ਕਿਸਮ ਪੀ. ਆਰ. 126 ਮੰਡੀਆਂ ''ਚ ਆਉਣੀ ਸ਼ੁਰੂ, ਸਰਕਾਰ ਵੱਲੋਂ ਨਹੀਂ ਹੋ ਸਕੇ ਖਰੀਦ ਪ੍ਰਬੰਧ ਪੂਰੇ

09/18/2019 8:42:45 PM

ਭੋਗਪੁਰ,(ਸੂਰੀ): ਝੋਨੇ ਦੀ ਅਗੇਤੀ ਕਿਸਮ ਪੀ. ਆਰ. 126 ਮੰਡੀਆਂ 'ਚ ਆਉਣੀ ਸ਼ੁਰੂ ਹੋ ਚੁਕੀ ਹੈ ਪਰ ਸਰਕਾਰ ਵੱਲੋਂ ਨਾ ਤਾਂ ਦਾਣਾ ਮੰਡੀਆਂ 'ਚ ਖਰੀਦ ਪ੍ਰਬੰਧ ਪੂਰੇ ਕੀਤੇ ਜਾ ਸਕੇ ਹਨ ਤੇ ਨਾ ਹੀ ਕਿਸੇ ਖਰੀਦ ਏਜੰਸੀ ਵੱਲੋਂ ਪੰਜਾਬ ਦੇ ਕਿਸੇ ਮੰਡੀ 'ਚ ਖਰੀਦ ਸ਼ੁਰੂ ਕੀਤੀ ਜਾ ਸਕੀ ਹੈ। ਅੱਜ ਦਾਣਾ ਮੰਡੀ ਭੋਗਪੁਰ 'ਚ ਝੋਨੇ ਦੀ ਅਗੇਤੀ ਕਿਸਮ ਪੀ. ਆਰ. 126 ਦੀ ਫਸਲ ਲੈ ਕੇ ਕੁਝ ਕਿਸਾਨ ਪੁੱਜੇ ਸਨ। ਕਿਸਾਨ ਗੁਰਮੇਲ ਸਿੰਘ ਪੁੱਤਰ ਪੁੰਨਾ ਸਿੰਘ ਵਾਸੀ ਪਿੰਡ ਰਾਜਪੁਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਝੋਨੇ ਦੀ ਅਗੇਤੀ ਕਿਸਮ ਪੀ. ਆਰ. 126 ਇਸ ਵਾਰ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਝੋਨੇ ਦੀ ਬਿਜਾਈ ਲਈ ਦਿੱਤੀ ਗਈ ਤਰੀਖ 'ਤੇ ਝੋਨੇ ਦੀ ਅਗੇਤੀ ਕਿਸਮ ਪੀ. ਆਰ. 126 ਦੀ ਬਿਜਾਈ ਕੀਤੀ ਸੀ। ਇਸ ਕਿਸਮ ਸਬੰਧੀ ਖੇਤੀ ਮਾਹਰਾਂ ਵੱਲੋਂ ਦੱਸਿਆ ਗਿਆ ਸੀ ਕਿ ਇਹ ਕਿਸਮ 123 ਤੋਂ 125 ਦਿਨਾਂ ਵਿਚਕਾਰ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਤੇ ਇਸ ਦਾ ਝਾੜ ਵੀ 30 ਕਵਿੰਟਲ ਪ੍ਰਤੀ ਏਕੜ ਦੱਸਿਆ ਗਿਆ ਸੀ। ਹੁਣ ਇਹ ਕਿਸਮ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਉਹ ਆਪਣੀ ਫਸਲ ਲੈ ਕੇ ਦਾਣਾ ਮੰਡੀ ਭੋਗਪੁਰ ਵਿਚ ਆਏ ਹਨ ਪਰ ਇੱਥੇ ਕਿਸੇ ਵੀ ਖਰੀਦ ਏਜੰਸੀ ਨੇ ਝੋਨੇ ਦੀ ਖਰੀਦ ਸ਼ੁਰੂ ਨਹੀ ਕੀਤੀ ਹੈ। ਪਤਾ ਲੱਗਾ ਹੈ ਕਿ ਸਰਕਾਰੀ ਖਰੀਦ ਏਜੰਸੀਆਂ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਕਰਨਗੀਆਂ, ਜਿਸ ਕਾਰਨ ਉਹ ਮੰਡੀ ਵਿਚ ਖੱਜ਼ਲ ਖੁਆਰ ਹੋਣ ਲਈ ਮਜ਼ਬੂਰ ਹਨ। ਮੰਡੀ ਵਿਚ ਪੀਣ ਵਾਲੇ ਪਾਣੀ ਅਤੇ ਲਾਇਟਾਂ ਦਾ ਕੋਈ ਪ੍ਰਬੰਧ ਨਹੀ ਹੈ। ਝੋਨੇ ਦੀ ਅਗੇਤੀ ਕਿਸਮ ਪੀ.ਆਰ. 126 ਦੀ ਫਸਲ ਮੰਡੀ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ।

ਪ੍ਰਾਈਵੇਟ ਏਜੰਸੀਆਂ ਤੋਂ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ : ਸਕੱਤਰ
ਝੋਨੇ ਲੈ ਮੰਡੀ ਆਏ ਕਿਸਾਨਾਂ ਦੀ ਫਸਲ ਨਾ ਖਰੀਦੇ ਜਾਣ ਦੇ ਸਬੰਧ ਵਿਚ ਜਦੋਂ ਮਾਰਕੀਟ ਕਮੇਟੀ ਭੋਗਪੁਰ ਦੇ ਸਕੱਤਰ ਗਰੀਸ਼ ਸਹਿਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੀ ਅਗੇਤੀ ਕਿਸਮ ਪੀ.ਆਰ. 126 ਦੀ ਫਸਲ ਜੋ ਕਿ ਕਾਫੀ ਦਿਨ ਪਹਿਲਾਂ ਮੰਡੀ ਵਿਚ ਆ ਗਈ ਹੈ। ਇਸ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਈਵੇਟ ਖਰੀਦ ਏਜੰਸੀਆਂ ਤੋਂ ਮੰਡੀ ਵਿਚ ਆ ਰਹੀ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨ ਨਹੀ ਆਉਣ ਦਿੱਤੀ ਜਾਵੇਗੀ। ਬਿਜਲੀ ਅਤੇ ਪਾਣੀ ਸਪਲਾਈ ਦੇ ਪ੍ਰਬੰਧਾਂ ਦਾ ਕੰਮ ਚੱਲ ਰਿਹਾ ਹੈ ਜਲਦ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ।