ਮੌਤ ਦਾ ਦੂਤ ਬਣ ਸਡ਼ਕਾਂ ’ਤੇ ਦੌਡ਼ ਰਹੇ ਹਨ ਓਵਰਲੋਡਿਡ ਵਾਹਨ

11/12/2018 2:38:57 AM

ਸੁਲਤਾਨਪੁਰ ਲੋਧੀ,  (ਧੀਰ)-  ਪੰਜਾਬ ’ਚ ਭਾਵੇਂ ਮੋਟਰ ਵ੍ਹੀਕਲ ਐਕਟ 2015 ਲਾਗੂ ਹੈ ਤੇ ਇਸ ਐਕਟ ਅਧੀਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਕਾਨੂੰਨ ਦੇ ਰਖਵਾਲੇ ਕਾਨੂੰਨ ਦੀ ਸਹੀ ਪਾਲਣਾ ਕਰਦੇ ਹਨ ਤੇ ਨਾ ਹੀ ਸਡ਼ਕਾਂ ’ਤੇ ਓਵਰਲੋਡਿਡ ਵਾਹਨ ਚਲਾਉਣ ਵਾਲੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਹਨ। ਇਸ ਕਰ ਕੇ ਸਡ਼ਕਾਂ ’ਤੇ ਮੌਤ ਬਣ ਕੇ ਦੌਡ਼ ਰਹੇ ਇਹ ਵਾਹਨ ਸਡ਼ਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਮਾਮਲਾ ਬਡ਼ਾ ਗੰਭੀਰ ਹੈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਸਡ਼ਕਾਂ ’ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। 

 ਹੋ ਰਹੀਆਂ ਹਨ ਮੌਤਾਂ
ਸਡ਼ਕਾਂ ’ਤੇ ਓਵਰਲੋਡਿਡ ਵਾਹਨਾਂ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਹਨ ਤੇ ਹੁਣ ਤਕ ਅਨੇਕਾਂ ਮੌਤਾਂ ਹੋਣ ਚੁੱਕੀਆਂ ਹਨ ਬਹੁਤ ਸਾਰੇ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਚੁੱਕੇ ਹਨ। ਸੂਬੇ ਭਰ ’ਚ ਸਡ਼ਕ ਹਾਦਸਿਆਂ ਦੌਰਾਨ ਹਰ ਸਾਲ ਕਰੀਬ 6 ਹਜ਼ਾਰ ਮੌਤਾਂ ਹੋ ਰਹੀਆਂ ਹਨ ਤੇ ਕਰੀਬ 20 ਹਜ਼ਾਰ ਲੋਕ ਜ਼ਖਮੀ ਹੁੰਦੇ ਹਨ। ਇਸਦੇ ਬਾਵਜੂਦ ਵੀ ਨਾ ਤਾਂ ਵਿਭਾਗ ਤੇ ਨਾ ਹੀ ਪ੍ਰਸ਼ਾਸਨ ਇਸਨੂੰ ਘੱਟ ਕਰਨ ਸਬੰਧੀ ਕੋਈ ਕਦਮ ਚੁੱਕਿਆ ਹੈ। 
 ਸਡ਼ਕ ਸੁਰੱਖਿਆ ਹਫਤਾ ਮਨਾਉਣਾ ਸਿਰਫ ਖਾਨਾਪੂਰਤੀ
ਸਰਕਾਰ ਵੱਲੋਂ ਹਰ ਸਾਲ ਮਨਾਏ ਜਾਂਦੇ ਸਡ਼ਕ ਸੁਰੱਖਿਆ ਹਫਤਾ ਮਨਾਉਣਾਵੀ ਮਹਿਜ ਇਕ ਖਾਨਾਪੂਰਤੀ ਹੀ ਬਣ ਕੇ ਰਹਿ ਗਿਆ ਹੈ। ਮੀਡੀਆ ’ਚ ਫੋਟੋਆਂ ਛਪਵਾ ਕੇ ਖਬਰ ਲਗਵਾ ਕੇ ਟ੍ਰੈਫਿਕ ਵਿਭਾਗ ਸਿਰਫ ਆਪਣਾ ਫਰਜ਼ ਨਿਭਾ ਲੈਂਦਾ ਹੈ। ਇਸ ਤੋਂ ਬਾਅਦ ਹਾਲਾਤ ਫਿਰ ਤੋਂ ਪਹਿਲੇ ਵਾਂਗ ਹੋ ਜਾਂਦੇ ਹਨ। 

 ਓਵਰ ਸਪੀਡ ਵੀ ਹੈ ਜ਼ਿੰਮੇਵਾਰ
ਸਡ਼ਕਾਂ ’ਤੇ ਘੁੰਮ ਰਹੀਆਂ ਲਗਜ਼ਰੀ ਕਾਰਾਂ ’ਤੇ ਉਨ੍ਹਾਂ ਦੇ ਚਾਲਕਾਂ ਵੱਲੋਂ ਓਵਰ ਸਪੀਡ ਕਾਰਨ ਮੁੱਖ ਹਾਈਵੇ ਸਡ਼ਕਾਂ ’ਤੇ ਫੋਰ ਲੇਨ ਹੋਣ ਦੇ ਬਾਵਜੂਦ ਆਏ ਦਿਨ ਹਾਦਸੇ ਵਾਪਰ ਰਹੇ ਹਨ ਕਿਉਂਕਿ ਹਾਈਵੇ ’ਤੇ ਓਵਰਸਪੀਡ ਨਾਲ ਗੱਡੀ ਚਲਾਉਣ ਵਾਲੇ ਤੇ ਕੋਈ ਵੀ ਕਾਰਵਾਈ ਨਹੀਂ ਕਰਦਾ। 
ਟ੍ਰੈਫਿਕ ਪੁਲਸ ਸਿਰਫ ਚਾਲਾਨ ਕੱਟ ਕੇ ਖਜ਼ਾਨਾ ਭਰਨ ’ਚ ਮਸ਼ਰੂਫ
ਚੌਕਾਂ ’ਤੇ ਬਾਈਪਾਸਾਂ ’ਤੇ ਮੁੱਖ ਸਡ਼ਕਾਂ ’ਤੇ ਖਡ਼੍ਹੇ ਟ੍ਰੈਫਿਕ ਪੁਲਸ ਕਰਮਚਾਰੀ ਸਿਰਫ ਟ੍ਰੈਫਿਕ ਚਾਲਾਨ ਕੱਟ ਕੇ ਸਰਕਾਰ ਦਾ ਖਜ਼ਾਨਾ ਭਰਨ ’ਚ ਮਸ਼ਰੂਫ ਹਨ ਇਸ ਤੋਂ ਇਲਾਵਾ ਕਿਸੇ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕਰਵਾਉਣ ਨਾਲ ਕੋਈ ਮਤਲਬ ਨਹੀਂ ਹੈ।
 ਪ੍ਰਸ਼ਾਸਨ ਵੀ ਹੈ ਕਸੂਰਵਾਰ
ਜਿਥੇ ਇਹ ਗੱਲ ਸਾਹਮਣੇ ਆਈ ਹੈ ਕਿ ਜਿੰਨੇ ਕਸੂਰਵਾਰ ਸਡ਼ਕਾਂ ’ਤੇ ਓਵਰਲੋਡਿਡ ਵਾਹਨ ਚਲਾਉਣ ਵਾਲੇ ਚਾਲਕ ਹਨ,  ਓਨਾ ਹੀ ਕਸੂਰਵਾਰ ਸਾਡਾ ਪ੍ਰਸ਼ਾਸਨ ਵੀ ਹੈ ਕਿਉਂਕਿ ਜੇਕਰ ਕਾਨੂੰਨ ਦਾ ਡੰਡਾ ਸਖਤ ਹੋਵੇ ਤਾਂ ਗਲਤੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਪਰ ਇਥੇ ਤਾਂ ਟ੍ਰੈਫਿਕ ਨਿਯਮਾਂ ਦੀਅਾਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। 
 ਸਾਮਾਨ ਲੱਦਣ ਦੀ ਨਹੀਂ ਹੈ ਕੋਈ ਸੀਮਾ
ਟ੍ਰੈਫਿਕ ਦੇ ਨਿਯਮਾਂ ਅਨੁਸਾਰ ਕਿਸੇ ਵੀ ਵਾਹਨ ਤੇ ਚਾਹੇ ਉਹ ਟਰੱਕ, ਟੈਂਪੂ, ਟਰਾਲੀ ਆਦਿ ਕੁਝ ਵੀ ਹੈ ਉਸ ਉੱਪਰ ਬਾਡੀ ਤੋਂ ਉੱਪਰ ਕੁਝ ਵੀ ਸਾਮਾਨ ਨਹੀਂ ਲੱਦਿਆ ਜਾ ਸਕਦਾ। ਇਹ ਕਾਨੂੰਨੀ ਜੁਰਮ ਹੈ। ਬੱਸਾਂ, ਟਰੱਕਾਂ, ਕਾਰਾਂ, ਜੀਪਾਂ, ਟੈਕਸੀਆਂ, ਟੈਂਪੂਆਂ ਆਦਿ ’ਤੇ ਮਨਜ਼ੂਰਸ਼ੁਦਾ ਸੀਟਾਂ ਤੋਂ ਇਲਾਵਾ ਵਾਧੂ ਸਵਾਰੀਆਂ ਨੂੰ ਬੈਠਾਉਣਾ ਵੀ ਗੈਰ ਕਾਨੂੰਨੀ ਹੈ ਪਰ ਇਥੇ ਨਾ ਤਾਂ ਵਾਹਨਾਂ ਉੱਪਰ ਸਾਮਾਨ ਲੱਦਣ ਦੀ ਕੋਈ ਸੀਮਾ ਹੈ ਤੇ ਨਾ ਹੀ ਸਵਾਰੀਆਂ ਚਡ਼੍ਹਾਉਣ ਵਾਲੇ ਕੋਈ ਗਿਣਤੀ ਰੱਖਦੇ ਹਨ। ਵਾਹਨਾਂ ਉੱਪਰ ਲੱਦ ਕੇ ਲਿਜਾਏ ਜਾ ਰਹੇ ਲੋਹੇ ਦੇ ਸਰੀਏ ਤੇ ਲੱਕਡ਼ਾਂ ਆਦਿ ਬੇਹੱਦ ਨੁਕਸਾਨਦੇਹ ਹਨ ਕਿਉਂਕਿ ਪਿੱਛੇ ਨੂੰ ਵੱਧੇ ਹੋਏ ਸਰੀਏ ਕਾਰਨ ਹਾਦਸੇ ਵਾਪਰਦੇ ਹਨ। ਰਾਤ ਵੇਲੇ ਤਾਂ ਅਜਿਹੇ ਵਾਹਨ ਸਡ਼ਕਾਂ ’ਤੇ ਹੋਰ ਵੀ ਖਤਰਨਾਕ ਸਾਬਤ ਹੁੰਦੇ ਹਨ। 
 ਕੀ ਕਹਿਣਾ ਹੈ ਸਮਾਜ ਸੇਵਕਾਂ ਦਾ
ਮਾਂ ਵੈਸ਼ਨੋ ਦੇਵੀ ਸੇਵਾ ਦਲ ਦੇ ਮੰਗੀ ਟੰਡਨ, ਲੱਕੀ ਧੀਰ, ਬਾਬਾ ਬਾਲਕ ਨਾਥ ਯਾਤਰਾ ਕਮੇਟੀ ਦੇ ਮਿੰਟਾ ਧੀਰ, ਸ਼ਸ਼ੀ ਚੋਪਡ਼ਾ, ਸਮਾਜ ਸੇਵੀ ਐਡ. ਗੁਰਮੀਤ ਸਿੰਘ ਵਿਰਦੀ, ਐਡ. ਸਤਨਾਮ ਸਿੰਘ ਮੋਮੀ ਦਾ ਕਹਿਣਾ ਹੈ ਕਿ ਟ੍ਰੈਫਿਕ ਵਿਭਾਗ ਨੂੰ ਸਿਰਫ ਟ੍ਰੈਫਿਕ ਚਾਲਾਨ ਕੱਟਣ ਤਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਬਲਕਿ ਡੀ. ਟੀ. ਓ. ਦਫਤਰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਡ਼ਕਾਂ ’ਤੇ ਚਲਦੇ ਅਜਿਹੇ ਓਵਰਲੋਡਿਡ ਵਾਹਨਾਂ ’ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਤੇ ਉਸਦਾ ਵਾਹਨ ਜ਼ਬਤ ਵੀ ਕਰਨਾ ਚਾਹੀਦਾ ਹੈ।