ਓਵਰਲੋਡ ਟਿੱਪਰ ਬਣਿਆ ਕਾਲ, ਸੜਕ ''ਤੇ ਜਾ ਰਹੇ ਸਕੂਟਰ ਚਾਲਕ ਨੂੰ ਦਰੜਿਆ

03/13/2022 9:12:02 PM

ਰੂਪਨਗਰ (ਸੱਜਣ ਸਿੰਘ ਸੈਣੀ) : ਅੱਜ ਇਕ ਸੜਕ ਹਾਦਸੇ 'ਚ ਇਕ ਓਵਰਲੋਡ ਟਿੱਪਰ ਸਕੂਟਰ ਚਾਲਕ ਲਈ ਕਾਲ ਬਣ ਗਿਆ। ਘਟਨਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਚੌਕ ਨੇੜੇ ਨੈਸ਼ਨਲ ਹਾਈਵੇ-205 'ਤੇ ਵਾਪਰੀ, ਜਿੱਥੇ ਰੋਪੜ ਤੋਂ ਚੰਡੀਗੜ੍ਹ ਵੱਲ ਜਾ ਰਹੇ ਇਕ ਸਕੂਟਰ ਚਾਲਕ 'ਤੇ ਰੇਤ ਨਾਲ ਭਰਿਆ ਟਿੱਪਰ ਚੜ੍ਹ ਗਿਆ, ਜਿਸ ਨੇ ਸਕੂਟਰ ਚਾਲਕ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।

ਇਹ ਵੀ ਪੜ੍ਹੋ : ਰਾਜ ਸਭਾ ਚੋਣਾਂ ਲਈ 14 ਮਾਰਚ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਪ੍ਰਕਿਰਿਆ : ਡਾ. ਰਾਜੂ

ਜਾਣਕਾਰੀ ਅਨੁਸਾਰ ਰੋਪੜ ਤੋਂ ਚੰਡੀਗੜ੍ਹ ਵੱਲ ਇਕ ਓਵਰਲੋਡ ਟਿੱਪਰ ਜਾ ਰਿਹਾ ਸੀ ਤੇ ਜਦੋਂ ਇਕ ਸਕੂਟਰ ਚਾਲਕ ਨੂੰ ਕਰਾਸ ਕਰਨ ਲੱਗਾ ਤਾਂ ਬੇਕਾਬੂ ਹੋਏ ਟਿੱਪਰ ਨੇ ਸਕੂਟਰ ਚਾਲਕ ਨੂੰ ਪਿਛਲੇ ਟਾਇਰਾਂ ਹੇਠਾਂ ਦਰੜ ਦਿੱਤਾ, ਜਿਸ ਕਾਰਨ ਸਕੂਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ (57) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਵਜੋਂ ਹੋਈ ਹੈ, ਜੋ ਖੁਦ ਵੀ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ। ਮ੍ਰਿਤਕ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਇਸ ਸੂਬੇ 'ਚ ਕਿਸਮਤ ਅਜ਼ਮਾਏਗੀ 'ਆਪ'

ਪਰਿਵਾਰ ਨੂੰ ਘਟਨਾ ਦਾ ਪਤਾ ਲੱਗਣ 'ਤੇ ਮ੍ਰਿਤਕ ਦੀ ਪਤਨੀ ਮੌਕੇ 'ਤੇ ਪਹੁੰਚੀ, ਜਿਸ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਸੀ। ਮ੍ਰਿਤਕ ਦੀ ਪਛਾਣ ਖੁਦ ਉਸ ਦੀ ਪਤਨੀ ਅਜਮੇਰ ਕੌਰ ਅਤੇ ਪਿੰਡ ਕੋਟਲਾ ਨਿਹੰਗ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਨੇ ਕੀਤੀ। ਹਾਦਸੇ ਤੋਂ ਬਾਅਦ ਮੌਕੇ ਤੋਂ ਟਰੱਕ ਚਾਲਕ ਫ਼ਰਾਰ ਹੋ ਗਿਆ। ਪੁਲਸ ਨੇ ਲਾਸ਼ ਨੂੰ ਰੂਪਨਗਰ ਦੇ ਮੁਰਦਾਘਰ 'ਚ ਰਖਵਾ ਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Manoj

This news is Content Editor Manoj