ਸ਼ਹਿਰ ਦੀਅਾਂ 93 ਬਿਲਡਿੰਗਾਂ ਨੂੰ ਸੀਲਾਂ ਲਾਉਣੀਆਂ ਤੇ ਖੋਲ੍ਹਣੀਆਂ ਮਿਲੀਭੁਗਤ, ਲੁੱਟਣ ਦੀ ਪਲਾਨਿੰਗ

01/24/2019 4:31:08 AM

ਜਲੰਧਰ, (ਜ.ਬ.)- ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਨੇ 93 ਨਾਜਾਇਜ਼ ਬਿਲਡਿੰਗਾਂ ਨੂੰ  ਨਿਗਮ ਪ੍ਰਸ਼ਾਸਨ ਵਲੋਂ ਲਾਈਆਂ ਗਈਆਂ ਸੀਲਾਂ ਦੇ ਮਾਮਲੇ ਵਿਚ ਸਖਤ ਸਟੈਂਡ ਲੈ ਕੇ ਲੋਕਲ  ਬਾਡੀਜ਼ ਮੰਤਰੀ ਖਿਲਾਫ ਜੋ ਹਮਲਾਵਰੀ ਤੇਵਰ ਵਿਖਾਏ ਹਨ, ਉਸ ਨਾਲ ਸ਼ਹਿਰ ਦੀ ਸਿਆਸਤ ਭਖ ਗਈ  ਹੈ। ਇਸ ਮਾਮਲੇ ਵਿਚ ਸਾਬਕਾ ਮੇਅਰ ਸੁਨੀਲ ਜੋਤੀ ਵੀ ਅੱਜ ਕੁੱਦ ਪਏ। ਉਨ੍ਹਾਂ ਸਾਬਕਾ  ਕੌਂਸਲਰਾਂ ਬਲਬੀਰ ਬਿੱਟੂ, ਕੰਵਲਜੀਤ ਸਿੰਘ ਬੇਦੀ, ਭਗਵੰਤ ਪ੍ਰਭਾਕਰ ਤੇ ਜਗਜੀਤ ਸਿੰਘ ਆਦਿ  ਨੂੰ ਨਾਲ ਲੈ ਕੇ ਪ੍ਰੈੱਸ ਕਾਨਫਰੰਸ ਵਿਚ ਸਨਸਨੀਖੇਜ਼ ਦੋਸ਼ ਲਾਇਆ ਕਿ 93 ਬਿਲਡਿੰਗਾਂ ਨੂੰ  ਪਹਿਲਾਂ ਸੀਲਾਂ ਲਾਉਣਾ ਤੇ ਬਾਅਦ ਵਿਚ ਖੋਲ੍ਹਣ ਦਾ ਐਲਾਨ ਕਰਨਾ ਪੂਰੀ ਤਰ੍ਹਾਂ ਮਿਲੀਭੁਗਤ  ਦਾ ਨਤੀਜਾ ਹੈ ਤੇ ਲੋਕਾਂ ਨੂੰ ਲੁੱਟਣ ਦੀ ਪਲਾਨਿੰਗ ਹੈ, ਜਿਸ ਵਿਚ ਜਲੰਧਰ ਦੇ ਵਿਧਾਇਕ ਵੀ  ਸ਼ਾਮਲ ਹਨ।  ਜੋਤੀ ਤੇ ਹੋਰਨਾਂ ਨੇ ਇਸ ਮਾਮਲੇ ’ਚ ਵਿਧਾਇਕ ਰਾਜਿੰਦਰ ਬੇਰੀ ਦਾ ਨਾਂ ਖਾਸ  ਤੌਰ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨਿਗਮ ਵਿਚ ਆਪਣੇ ਖਾਸਮਖਾਸ ਆਦਮੀ ਫਿੱਟ ਕੀਤੇ ਹੋਏ  ਹਨ। ਸਾਬਕਾ ਮੇਅਰ ਨੇ ਦੋਸ਼ ਲਾਇਆ ਕਿ ਜਦੋਂ ਤੋਂ ਸੂਬੇ ਤੇ ਨਿਗਮ ’ਚ ਕਾਂਗਰਸ ਦੀ ਸਰਕਾਰ  ਆਈ ਹੈ ਉਸ ਸਮੇਂ ਤੋਂ ਬਿਲਡਿੰਗ ਬ੍ਰਾਂਚ ਵਿਚ ਵੱਡੇ ਪੱਧਰ ’ਤੇ ਘਾਲਾ-ਮਾਲਾ ਹੋ ਰਿਹਾ ਹੈ। 
ਉਨ੍ਹਾਂ  ਕਿਹਾ ਕਿ ਪਹਿਲਾਂ ਵਿਧਾਇਕ ਰਿੰਕੂ ਨੇ ਮੇਅਰ ਨੂੰ ਫੇਲ ਦੱਸਿਆ ਤੇ ਹੁਣ ਮੁੱਖ ਮੰਤਰੀ ਨਾਲ  ਹੋਈ ਮੀਟਿੰਗ ਵਿਚ ਵਿਧਾਇਕ ਪਰਗਟ ਸਿੰਘ ਨੇ ਮੇਅਰ ਨੂੰ ਕਮਜ਼ੋਰ ਦੱਸ ਕੇ ਸਾਰੀ ਕਹਾਣੀ  ਬਿਆਨ ਕਰ ਦਿੱਤੀ ਹੈ। ਲਗਦਾ ਹੈ ਕਿ ਮੇਅਰ ਨੂੰ ਪਰਗਟ ਸਿੰਘ ਦੀ ਗੱਲ ਜ਼ਿਆਦਾ  ਰੜਕੀ ਜਿਸ  ਕਾਰਨ ਉਨ੍ਹਾਂ ਅਜਿਹਾ ਸਟੈਂਡ ਲਿਆ। 
ਹੁਣ ਮੇਅਰ ਰਾਜਾ ਸੀਲਾਂ ਨੂੰ ਖੋਲ੍ਹਣ ਦੀਆਂ ਗੱਲਾਂ  ਕਰ ਰਹੇ ਹਨ ਪਰ ਬਿਲਡਿੰਗਾਂ ਨੂੰ ਸੀਲਾਂ ਲਾਈਆਂ ਹੀ ਕਿਉਂ ਗਈਆਂ। ਜੇਕਰ ਸੀਲਾਂ ਕਾਨੂੰਨ  ਤਹਿਤ ਲਾਈਆਂ ਗਈਆਂ ਤਾਂ ਹੁਣ ਕਿਸ ਕਾਨੂੰਨ ਤਹਿਤ ਉਨ੍ਹਾਂ ਨੂੰ ਖੋਲ੍ਹਿਆ ਜਾਵੇਗਾ।  ਜੋਤੀ ਤੇ ਹੋਰ ਸਾਬਕਾ ਕੌਂਸਲਰਾਂ ਨੇ ਕਿਹਾ ਕਿ ਜਲਦੀ ਹੀ ਬਿਲਡਿੰਗ ਵਿਭਾਗ ਖਿਲਾਫ  ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤੇ ਨਿਗਮ ਦੇ ਬਾਕੀ ਵਿਭਾਗਾਂ ਦੇ ਕੰਮਕਾਜ ਬਾਰੇ ਵੀ  ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ। 
ਨਾਜਾਇਜ਼ ਬਿਲਡਿੰਗਾਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਬਣੀਆਂ  : ਬੇਰੀ
ਵਿਧਾਇਕ  ਰਾਜਿੰਦਰ ਬੇਰੀ ਨੇ ਸਾਬਕਾ ਮੇਅਰ ਜੋਤੀ ਦੇ ਦੋਸ਼ਾਂ ਨੂੰ  ਬੇਬੁਨਿਆਦ ਦੱਸਦਿਆਂ ਕਿਹਾ ਕਿ  ਇਹ ਸਾਰੀਆਂ ਬਿਲਡਿੰਗਾਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੀ ਬਣੀਆਂ ਹਨ। ਕਾਂਗਰਸ ਸਰਕਾਰ  ਤਾਂ ਸਿਰਫ ਵਨ ਟਾਈਮ ਸੈਟਲਮੈਂਟ ਪਾਲਿਸੀ ਲੈ ਕੇ ਇਨ੍ਹਾਂ ਨੂੰ ਰੈਗੂਲਰ ਕਰਨ ਤੇ ਲੋਕਾਂ  ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। 
ਕਾਂਗਰਸੀ ਕੌਂਸਲਰ ਭੂ-ਮਾਫੀਆ ਬਣੇ
ਸਾਬਕਾ  ਮੇਅਰ ਤੇ ਸਾਬਕਾ ਕੌਂਸਲਰਾਂ ਨੇ ਇਹ ਵੀ ਦੋਸ਼ ਮੜ੍ਹੇ ਕਿ ਸਰਕਾਰ ਆਉਣ ਤੋਂ ਬਾਅਦ ਕਾਂਗਰਸੀ  ਕੌਂਸਲਰ ਭੂ-ਮਾਫੀਆ ਬਣ ਗਏ ਹਨ। ਰਾਮਾ ਮੰਡੀ ਤੇ ਹੋਰ ਇਲਾਕਿਆਂ ’ਚ ਕਾਂਗਰਸੀ ਕੌਂਸਲਰਾਂ  ਨੇ ਨਾਜਾਇਜ਼ ਬਿਲਡਿੰਗਾਂ ਦੇ ਨਿਰਮਾਣ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਸੱਚਰ ਦੀ  ਬਿਲਡਿੰਗ ਨੂੰ  ਡੇਗਣ ਲਈ ਤਾਂ ਨਿਗਮ ਦੀਆਂ ਡਿੱਚ ਮਸ਼ੀਨਾਂ ਮਿੰਟਾਂ ’ਚ ਪਹੁੰਚ ਗਈਆਂ ਪਰ  ਕਾਂਗਰਸੀ ਕੌਂਸਲਰਾਂ ਵਲੋਂ ਇਨ੍ਹੀਂ ਦਿਨੀਂ ਬਣਾਈਆਂ ਗਈਆਂ  ਬਿਲਡਿੰਗਾਂ ’ਤੇ ਕੋਈ  ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਵਿਚ ਵਿਧਾਇਕਾਂ ਦੀ ਪੂਰੀ ਸ਼ਹਿ ਹੈ। ਇਹ ਸਾਰੀ ਖੇਡ ਵਨ  ਟਾਈਮ ਸੈਟਲਮੈਂਟ ਪਾਲਿਸੀ ਤਹਿਤ ਖੇਡੀ ਜਾ ਰਹੀ ਹੈ, ਜਿਸ ਦੀ ਅਜੇ ਨੋਟੀਫਿਕੇਸ਼ਨ ਨਹੀਂ  ਹੋਈ।