ਝੋਨੇ ਦੀ ਸਿਫਾਰਸ਼ਸੁਦਾ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ: ਡਾ ਸੁਰਿੰਦਰ ਸਿੰਘ

05/02/2020 6:09:50 PM

ਜਲੰਧਰ (ਨਰੇਸ਼ ਗੁਲਾਟੀ)-ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਉਂਦੇ ਸਾਉਣੀ ਸੀਜਨ ਵਿੱਚ ਝੋਨੇ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਸ਼ਸੁਦਾ ਕਿਸਮਾਂ ਦੀ ਹੀ ਕਾਸ਼ਤ ਕਰਨ। ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝੋਨੇ ਦੀਆਂ ਗੈਰ ਸਿਫਾਰਸ਼ਸੁਦਾ ਕਿਸਮਾਂ ਦੀ ਕਾਸ਼ਤ ਜਿੱਥੇ ਸਾਡੇ ਕੁਦਰਤੀ ਵਸੀਲਿਆਂ ਲਈ ਨੁਕਸਾਨ ਦੇਹ ਸਾਬਿਤ ਹੁੰਦਿਆਂ ਹਨ ਉੱਥੇ ਅਜਿਹੇ ਝੋਨੇ ਦੀ ਵਿਕਰੀ ਵੇਲੇ ਵੀ ਕਿਸਾਨ ਵੀਰਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਜਿਲਾ ਜਲੰਧਰ ਝੋਨੇ ਦੀਆਂ ਸੁਧਰੀਆਂ ਅਤੇ ਸਿਫਾਰਸ਼ਸੁਦਾ ਕਿਸਮਾਂ ਦਾ ਬੀਜ ਜਿਲੇ ਦੇ ਸਮੂਹ ਬਲਾਕ ਖੇਤੀਬਾੜੀ ਦਫਤਰਾਂ ਵਿਖੇ ਪੁੱਜ ਚੁੱਕਾ ਹੈ।ਕਿਸਾਨ ਵੀਰ ਪਨਸੀਡ ਵੱਲੋਂ ਸਪਲਾਈ ਕੀਤੇ ਇਸ ਝੋਨੇ ਦੇ ਬੀਜ ਨੂੰ ਪ੍ਰਾਪਤ ਕਰਕੇ ਝੋਨੇ ਦੀ ਪਨੀਰੀ ਦੀ ਸਮੇਂ ਸਿਰ ਹੀ ਬਿਜਾਈ ਕਰ ਸਕਦੇ ਹਨ । 

ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਜਿਹੜੀਆਂ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਉਹ ਹਨ: ਪੀ.ਆਰ 129, ਪੀ.ਆਰ 122, ਪੀ.ਆਰ 128, ਪੀ.ਆਰ 121, ਪੀ.ਆਰ 127, ਪੀ.ਆਰ 124 ਹਨ। ਉਹਨਾਂ ਦੱਸਿਆ ਕਿ ਇਹਨਾਂ ਕਿਸਮਾਂ ਦੀ ਫਸਲ 135 ਦਿਨਾਂ ਤੋਂ 145 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।  ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋ 123 ਦਿਨਾਂ ਵਿਚ ਪੱਕਣ ਵਾਲੀ ਕਿਸਮਾਂ ਪੀ.ਆਰ 126 ਦੀ ਵੀ ਕਾਸ਼ਤ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ ਬਾਸਮਤੀ ਦੀ ਕਾਸ਼ਤ ਲਈ ਪੂਸਾ ਬਾਸਮਤੀ 1121,  ਪੂਸਾ ਬਾਸਮਤੀ 1718, ਪੂਸਾ ਬਾਸਮਤੀ 1637, ਪੂਸਾ ਬਾਸਮਤੀ 1509 ਦੀ ਕਾਸ਼ਤ ਲਈ ਕਿਹਾ ਗਿਆ ਹੈ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਇਹਨਾਂ ਕਿਸਮਾਂ ਦਾ ਬੀਜ ਪ੍ਰਾਪਤ ਕਰਦੇ ਹੋਏ ਪਨੀਰੀ ਦੀ ਬਿਜਾਈ ਕਰਨ। 

ਡਾ. ਸੁਰਿੰਦਰ ਸਿੰਘ ਨੇ ਅੱਗੇ ਕਿਹਾ ਹੈ ਕਿ ਕਿਸਾਨ ਵੀਰ ਘਰ ਵਿਚ ਰੱਖੇ ਇਹਨਾਂ ਕਿਸਮਾਂ ਦੇ ਪਿਛਲੇ ਸਾਲ ਦੇ ਬੀਜ ਦੀ ਬਿਜਾਈ ਵੀ ਕਰ ਸਕਦੇ ਹਨ  ਪਰ ਇਸ ਗੱਲ ਦਾ ਧਿਆਨ ਜਰੂਰ ਰੱਖਣ ਕਿ ਉਹ ਪੂਸਾ 44 ਕਿਸਮ ਦੀ ਕਾਸ਼ਤ ਬਿਲਕੁਲ ਨਾ ਕਰਨ ਕਿਉਂਕਿ ਇਸ ਕਿਸਮ ਦੇ ਬੀਜ ਦੀ ਫਸਲ ਪੱਕਣ ਨੂੰ ਬਹੁਤ ਲੰਬਾ ਸਮਾਂ ਲੈਂਦੀ ਹੈ ਅਤੇ ਇਸ ਕਿਸਮ ਦਾ ਪਰਾਲ ਵਧੇਰੇ ਹੋਣ ਕਾਰਨ ਝੋਨੇ ਦੀ ਪਰਾਲੀ ਦੀ ਸੰਭਾਲ ਤੋਂ ਬਾਅਦ ਅਗਲੀ ਫਸਲ ਕਣਕ ਦੀ ਬਿਜਾਈ ਵੀ ਲੇਟ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। 

ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਕਿਸਮਾਂ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਵੀ ਕੁੱਝ ਹਾਈਬ੍ਰਿਡ ਕਿਸਮਾਂ ਦਾ ਬੀਜ ਪੰਜਾਬ ਵਿੱਚ ਬੀਜਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹਨਾਂ ਕਿਸਮਾਂ ਵਿੱਚ ਗੰਗਾ, ਪੀ.ਏ 6129, ਸਾਹਇਦਰੀ 4, ਵੀ.ਐਨ.ਆਰ 203,ਐਚ.ਆਰ. ਆਈ 178, ਐਚ.ਆਰ.ਆਈ 180, ਸਾਵਾ 134, 27ਪੀ22 ਇਹਨਾਂ ਕਿਸਮਾਂ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਦੂਜੀ ਹਾਈਬ੍ਰਿਡ ਝੋਨੇ ਦੀ ਕਿਸਮਾਂ ਦਾ ਬੀਜ ਨਹੀਂ ਬੀਜਣਾ ਚਾਹੀਦਾ। ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀਆਂ ਸਿਰਫ ਸਿਫਾਰਸ਼ਸੁਦਾ ਕਿਸਮਾਂ ਦੀ ਹੀ ਬਿਜਾਈ ਕਰਨ ਅਤੇ ਬੀਜ ਦੀ ਖਰੀਦ ਕਿਸੇ ਭਰੋਸੇਯੋਗ ਅਦਾਰੇ ਪਾਸੋਂ ਪ੍ਰਾਪਤ ਕਰਦੇ ਹੋਏ ਬੀਜ ਦਾ ਖਰੀਦ ਬਿੱਲ ਵੀ ਜਰੂਰ ਪ੍ਰਾਪਤ ਕਰਨ।
-ਸੰਪਰਕ ਅਫਸਰ 
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 


Iqbalkaur

Content Editor

Related News