ਸ਼ੂਗਰ ਮਿੱਲ ਚੌਕ ਪੁਲ ਦਾ ਧੱਸਿਆ ਇਕ ਹਿੱਸਾ, ਹੋ ਸਕਦੈ ਵੱਡਾ ਹਾਦਸਾ

11/12/2018 2:15:47 AM

ਫਗਵਾੜਾ,    (ਜਲੋਟਾ)-  ਫਗਵਾੜਾ ਦੇ ਸ਼ੂਗਰ ਮਿੱਲ ਚੌਕ ’ਤੇ ਕਿਸੇ ਵੀ ਸਮੇਂ ਵੱਡਾ ਹਾਦਸਾ  ਹੋ ਸਕਦਾ ਹੈ। ਇਸ ਦਾ ਕਾਰਨ ਪੁਲ ਦੇ ਇਕ ਹਿੱਸੇ ਦਾ ਧਸਿਆ ਹੋਣਾ ਹੈ। ਹੈਰਾਨੀ ਵਾਲੀ ਗੱਲ  ਇਹ ਹੈ ਕਿ ਲੰਬੇ ਸਮੇਂ ਤੋਂ ਬਣੇ ਹੋਏ ਇਸ ਖਤਰਨਾਕ ਹਾਲਾਤ ਦੇ ਬਾਵਜੂਦ ਸਰਕਾਰ ਤੇ  ਪ੍ਰਸ਼ਾਸਨ ਡੂੰਘੀ ਨੀਂਦੇ ਸੌ ਰਿਹਾ ਹੈ ਤੇ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ। ਉਸ  ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਲੋਕਾਂ ਵਲੋਂ ਸੁਰੱਖਿਆ ਦਾ ਹਵਾਲਾ  ਦੇ ਕੇ ਬਕਾਇਦਾ ਵੀਡੀਓ ਕਲਿਪ ਬਣਾ ਕੇ ਸਰਕਾਰ ਦਾ ਧਿਆਨ ਇਸ ਪਾਸੇ ਲਿਆਉਣ ਦੀ ਕੋਸ਼ਿਸ਼  ਕੀਤੀ ਜਾ ਰਹੀ ਹੈ ਪਰ ਮਜ਼ਾਲ ਹੈ ਕਿ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਇਸ ਵੱਲ ਧਿਆਨ  ਦੇਵੇ।
 ਲੋਕਾਂ ਨੇ ‘ਜਗ ਬਾਣੀ’ ਨੂੰ ਇਸ ਮਾਮਲੇ ਨੂੰ ਪ੍ਰਕਾਸ਼ਿਤ ਕਰ ਕੇ ਸਰਕਾਰ  ਦੇ ਧਿਆਨ ਵਿਚ ਲਿਆਉਣ ਲਈ ਗੁਹਾਰ ਲਾਈ ਹੈ ਤਾਂ ਕਿ ਸਰਕਾਰ ਕੋਈ ਵੱਡਾ ਹਾਦਸਾ ਵਾਪਰਨ ਤੋਂ  ਪਹਿਲਾਂ ਹੀ ਇਸ ਵੱਲ ਧਿਆਨ ਦੇ ਕੇ ਜਨਤਾ ਦਾ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਲਵੇ।ਲੋਕਾਂ  ਦਾ ਕਹਿਣਾ ਹੈ ਕਿ ਹਰ ਰੋਜ਼ ਹਜ਼ਾਰਾਂ ਵਾਹਨ ਇਸ ਪੁਲ ਤੋਂ ਲੰਘਦੇ ਹਨ ਅਤੇ ਇਸ ਪੁਲ ਦੇ  ਖੋਖਲਾ ਹੋਣ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ। ਜੇਕਰ ਕੋਈ ਹਾਦਸਾ ਵਾਪਰ ਜਾਂਦਾ  ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਸਭ ਤੋਂ ਅਹਿਮ ਸਵਾਲ ਤਾਂ ਸਰਕਾਰ ਅੱਗੇ ਇਹ  ਹੈ ਕਿ ਫਗਵਾੜਾ ਦੇ ਇਸ ਅਹਿਮ ਪੁਲ ਜੋ ਕਿ ਸਤਨਾਮਪੁਰਾ, ਹਦੀਆਬਾਦ, ਨਕੋਦਰ, ਜੰਡਿਆਲਾ  ਮੰਜਕੀ, ਨੂਰਮਹਿਲ ਤੇ ਹੋਰ ਦਰਜਨ ਭਰ ਪਿੰਡਾਂ ਨਾਲ ਜੋੜਦਾ ਹੈ, ਦੀ ਸੁਧ ਸਰਕਾਰੀ ਅਮਲਾ  ਕਦੋਂ ਲਵੇਗਾ ਅਤੇ ਇਸ ਪੁਲ ਨੂੰ ਕਦੋਂ ਠੀਕ ਕੀਤਾ ਜਾਵੇਗਾ ਤਾਂ ਜੋ ਵੱਡਾ ਹਾਦਸਾ ਹੋਣ ਤੋਂ  ਬਚਿਆ ਜਾ ਸਕੇ।