BSF ਕਾਲੋਨੀ ''ਚ CIA ਸਟਾਫ-1 ਦੀ ਰੇਡ, ਸੱਟਾ ਲਾਉਂਦੇ ਬੁੱਕੀ ਕਾਬੂ, ਇਕ ਕੋਰੜ ਦੀ ਨਕਦੀ ਬਰਾਮਦ

07/26/2020 4:17:57 PM

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ-1 ਦੀ ਟੀਮ ਨੇ ਬੀ. ਐੱਸ. ਐੱਫ. ਕਾਲੋਨੀ'ਚ ਸਥਿਤ ਇਕ ਕੋਠੀ ਵਿਚ ਛਾਪਾ ਮਾਰ ਕੇ ਬੁੱਕੀ ਨੋਨੀ ਨੂੰ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਚੱਲ ਰਹੇ ਟੈਸਟ ਮੈਚ 'ਤੇ ਸੱਟਾ ਲਾਉਂਦਿਆਂ ਕਾਬੂ ਕਰ ਲਿਆ। ਪੁਲਸ ਨੇ ਨੋਨੀ ਦੇ ਕਮਰੇ ਦੀ ਅਲਮਾਰੀ ਵਿਚੋਂ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਇਸੇ ਕ੍ਰਿਕਟ ਮੈਚ ਦੀ ਬੁੱਕੀ ਨਾਲ ਜੁੜੀ ਹੋਈ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮੀਂ 4.45 ਵਜੇ ਸੀ. ਆਈ. ਏ. ਦੀ ਟੀਮ ਨੇ ਬੀ. ਐੱਸ. ਐੱਫ. ਕਾਲੋਨੀ ਦੀ 180 ਨੰਬਰ ਕੋਠੀ ਵਿਚ ਛਾਪੇਮਾਰੀ ਕੀਤੀ ਸੀ। ਦਰਵਾਜ਼ੇ ਦੀ ਘੰਟੀ ਵਜਾਉਣ ਉਪਰੰਤ ਬੁੱਕੀ ਸੌਰਵ ਸ਼ਰਮਾ ਉਰਫ ਨੋਨੀ ਦੇ ਪਰਿਵਾਰਕ ਮੈਂਬਰਾਂ ਨੇ ਕੋਠੀ ਦਾ ਗੇਟ ਖੋਲ੍ਹਿਆ ਤਾਂ ਸੀ. ਆਈ. ਏ. ਦੀ ਟੀਮ ਨੇ ਅੰਦਰ ਜਾ ਕੇ ਨੋਨੀ ਨੂੰ ਕਾਬੂ ਕਰ ਲਿਆ। ਕੋਠੀ ਦੇ ਬਾਹਰ ਸੀ. ਸੀ.ਟੀ. ਵੀ. ਕੈਮਰੇ ਵੀ ਲੱਗੇ ਹੋਏ ਸਨ। ਪੁਲਸ ਨੇ ਜਦੋਂ ਨੋਨੀ ਨੂੰ ਕਾਬੂ ਕੀਤਾ ਅਤੇ ਉਸਦੇ ਮੋਬਾਇਲ ਖੋਹ ਕੇ ਜਦੋਂ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਹ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਚੱਲ ਰਹੇ ਟੈਸਟ ਮੈਚ 'ਤੇ ਸੱਟਾ ਲਾ ਰਿਹਾ ਸੀ। ਪੁਲਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਨੋਨੀ ਦੇ ਘਰ ਦੀ ਅਲਮਾਰੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਬਰਾਮਦ ਕੀਤੀ। ਨੋਨੀ ਖਿਲਾਫ ਪਹਿਲਾਂ ਵੀ ਕੇਸ ਦਰਜ ਹੈ।

PunjabKesari

ਹਾਲਾਂਕਿ ਨੋਨੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਆਨਲਾਈਨ ਮੈਚ 'ਤੇ ਆਪਣੇ ਪੱਧਰ 'ਤੇ ਸੱਟਾ ਲਾ ਰਿਹਾ ਸੀ ਪਰ ਪੁਲਸ ਦਾ ਕਹਿਣਾ ਹੈ ਕਿ ਨੋਨੀ ਦੇ ਨਾਲ ਹੋਰ ਵੀ ਵੱਡੇ ਬੁੱਕੀਆਂ ਦੇ ਨਾਂ ਸਾਹਮਣੇ ਆ ਸਕਦੇ ਹਨ। ਛਾਪਾਮਾਰੀ ਤੋਂ ਕਰੀਬ 4 ਘੰਟੇ ਬਾਅਦ ਪੁਲਸ ਨੋਨੀ ਨੂੰ ਕੋਠੀ ਵਿਚੋਂ ਬਾਹਰ ਲਿਆਈ ਅਤੇ ਉਸ ਨੂੰ ਸੀ. ਆਈ. ਏ. ਸਟਾਫ ਲੈ ਗਈ। ਨੋਨੀ ਦੀ ਕੋਠੀ ਦੇ ਬਾਹਰ ਉਸ ਦੀ ਇਕ ਲਗਜ਼ਰੀ ਕਾਰ ਵੀ ਖੜ੍ਹੀ ਸੀ, ਜਿਸ ਨੂੰ ਹਾਲ ਹੀ ਵਿਚ ਖਰੀਦਿਆ ਗਿਆ ਸੀ। ਸੌਰਵ ਸ਼ਰਮਾ ਉਰਫ ਨੋਨੀ ਕਾਲੋਨੀ ਦੇ ਬਾਹਰ ਹੀ ਐੱਸ. ਐੱਸ. ਪਲਾਨਰ ਨਾਂ 'ਤੇ ਬਿਲਡਿੰਗ ਪਲਾਨਰ ਦਾ ਕੰਮ ਕਰਦਾ ਹੈ ਅਤੇ ਉਥੇ ਹੀ ਉਸ ਦਾ ਦਫਤਰ ਵੀ ਹੈ। ਦੇਰ ਰਾਤ ਪੁਲਸ ਨੋਨੀ ਕੋਲੋਂ ਪੁੱਛਗਿੱਛ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੀ ਨਿਸ਼ਾਨਦੇਹੀ 'ਤੇ ਹੋਰ ਵੀ ਕਈ ਥਾਵਾਂ 'ਤੇ ਪੁਲਸ ਛਾਪੇਮਾਰੀ ਕਰ ਰਹੀ ਹੈ। ਨੋਨੀ ਨੇ ਸ਼ਹਿਰ ਦੇ ਹੋਰ ਵੀ ਕਈ ਵੱਡੇ ਬੁੱਕੀਆਂ ਦੇ ਨਾਂ ਪੁਲਸ ਨੂੰ ਦੱਸੇ ਹਨ। ਇਨ੍ਹਾਂ ਵਿਚ ਇਕ ਦਵਾਈਆਂ ਦਾ ਕਾਰੋਬਾਰੀ ਵੀ ਸ਼ਾਮਲ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਮਾਮਲੇ ਦਾ ਪਰਦਾ ਚੁੱਕ ਸਕਦੀ ਹੈ।

ਸ਼ਹਿਰ ਦਾ ਇਕ ਵੱਡਾ ਬੁੱਕੀ ਕਰਦਾ ਸੀ ਨੋਨੀ ਨੂੰ ਫੰਡਿੰਗ
ਸੂਤਰਾਂ ਦੀ ਮੰਨੀਏ ਤਾਂ ਨੋਨੀ ਨੂੰ ਫੰਡਿੰਗ ਕਰਨ ਪਿੱਛੇ ਸ਼ਹਿਰ ਦੇ ਇਕ ਬਹੁਤ ਪੁਰਾਣੇ ਅਤੇ ਵੱਡੇ ਬੁੱਕੀ ਦਾ ਹੱਥ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਰਕਮ ਵੀ ਉਸੇ ਬੁੱਕੀ ਦੀ ਹੈ ਅਤੇ ਨੋਨੀ ਵੀ ਉਸੇ ਦਾ ਕਰਿੰਦਾ ਹੈ। ਹਾਲਾਂਕਿ ਪੁਲਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਅਤੇ ਜਲਦ ਉਕਤ ਬੁੱਕੀ ਦਾ ਨਾਂ ਸਾਹਮਣੇ ਆ ਸਕਦਾ ਹੈ।

ਜਲੰਧਰ ਦੇ ਅੱਧੀ ਦਰਜਨ ਤੋਂ ਵੱਧ ਬੁੱਕੀ ਅੰਡਰਗਰਾਊਂਡ
ਨੋਨੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਜਲੰਧਰ ਦੇ ਅੱਧੀ ਦਰਜਨ ਦੇ ਕਰੀਬ ਬੁੱਕੀ ਅੰਡਰਗਰਾਊਂਡ ਹੋ ਚੁੱਕੇ ਹਨ। ਅੰਡਰਗਰਾਊਂਡ ਹੋਏ ਬੁੱਕੀ ਆਪਣੇ ਪੰਟਰਾਂ ਦੀ ਮਦਦ ਨਾਲ ਸਾਰੀ ਕਾਰਵਾਈ 'ਤੇ ਨਜ਼ਰ ਰੱਖ ਰਹੇ ਹਨ। ਪੁਲਸ ਦੀ ਜਾਂਚ ਵਿਚ ਕਈ ਵੱਡੇ ਬੁੱਕੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।


shivani attri

Content Editor

Related News