ਪਿਸਤੌਲ ਦਿਖਾ ਕੇ ਕਾਰ ਲੁੱਟਣ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ

10/16/2020 6:13:38 PM

ਘਨੌਲੀ (ਸ਼ਰਮਾ)— ਬੀਤੇ ਦਿਨੀਂ ਪਿੰਡ ਅਹਿਮਦਪੁਰ (ਰੂਪਨਗਰ) ਨੇੜੇ ਭਾਖੜਾ ਨਹਿਰ 'ਤੇ ਬਣੇ ਪੁਲ ਕੋਲ ਪਿਸਤੌਲ ਦਿਖਾ ਕੇ ਆਲਟੋ ਕਾਰ ਖੋਹਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਘਨੌਲੀ ਪੁਲਸ ਵੱਲੋਂ ਹਿਰਾਸਤ 'ਚ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਚੌਕੀ ਘਨੌਲੀ ਦੇ ਇੰਚਾਰਜ ਸਬ ਇੰਸਪੈਕਟਰ ਰਾਹੁਲ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਉਕਤ ਥਾਂ ਦੇ ਆਪਣੇ ਕਿਸੇ ਰਿਸ਼ਤੇਦਾਰ ਦੀ ਸਥਾਨਕ ਭਾਖੜਾ ਨਹਿਰ ਨੇੜੇ ਭਾਲ ਕਰ ਰਹੇ ਅਜਮੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬਿਆਣਾ ਨੂਰਪੁਰਬੇਦੀ ਕੋਲੋਂ ਕੁਝ ਅਣਪਛਾਤੇ ਨੌਜਵਾਨ ਪਿਸਤੌਲ ਦੀ ਨੋਕ 'ਤੇ ਉਸ ਦੀ ਅਲਟੋ ਕਾਰ ਖੋਹ ਕੇ ਭੱਜ ਗਏ ਸੀ।

ਉਨ੍ਹਾਂ ਦੱਸਿਆ ਕਿ ਉਸੇ ਗਿਰੋਹ ਦੇ ਇਕ ਮੈਂਬਰ ਨੂੰ ਲੁਧਿਆਣਾ ਪੁਲਸ ਵੱਲੋਂ ਇਕ ਹੋਰ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ ਸੀ ਅਤੇ ਉਕਤ ਕਾਬੂ ਕੀਤੇ ਗਏ ਨੌਜਵਾਨ ਨੇ ਕਬੂਲ ਕੀਤਾ ਕਿ ਉਨ੍ਹਾਂ ਵੱਲੋਂ ਉਕਤ ਥਾਂ 'ਤੇ ਇਕ ਆਲਟੋ ਕਾਰ ਦੀ ਲੁੱਟ ਵੀ ਕੀਤੀ ਸੀ ਜਿਸ 'ਤੇ ਲੁਧਿਆਣਾ ਪੁਲਸ ਵੱਲੋਂ ਘਨੌਲੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸਬ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਕਤ ਦੋਸ਼ੀ ਦੇ ਪ੍ਰੋਡਕਸ਼ਨ ਵਰੰਟ ਜਾਰੀ ਕਰਵਾਕੇ ਉਸ ਨੂੰ ਆਪਣੀ ਹਿਰਾਸਤ 'ਚ ਲਿਆਂਦਾ ਗਿਆ ਤਾਂਕਿ ਉਕਤ ਗਿਰੋਹ ਦੇ ਬਾਕੀ ਮੈਂਬਰਾਂ ਦਾ ਵੀ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਅਰਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਅਜਨੋੜ ਲੁਧਿਆਣਾ ਦਾ ਰਹਿਣ ਵਾਲਾ ਹੈ। ਉਕਤ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਵੀ ਜਾਰੀ ਹੈ।


shivani attri

Content Editor

Related News