ਨਾਜਾਇਜ਼ ਅਸਲੇ ਸਣੇ ਭਗੋੜਾ ਕਰਾਰ ਮੁਲਜ਼ਮ ਆਇਆ ਪੁਲਸ ਅੜਿੱਕੇ

03/11/2020 6:51:28 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼)— ਉੱਪ ਪੁਲਸ ਕਪਤਾਨ ਟਾਂਡਾ ਉੜਮੁੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ. ਐੱਚ. ਓ . ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਮੁਸਤੈਦੀ ਨਾਲ ਕੰਮ ਕਰਦੇ ਹੋਏ ਟਾਂਡਾ ਪੁਲਿਸ ਨੇ ਇਕ ਭਗੌੜਾ ਕਰਾਰ ਮੁਲਜ਼ਮ  ਨੂੰ ਨਜਾਇਜ਼ ਦੇਸੀ ਪਿਸਟਲ ਅਤੇ ਜ਼ਿੰਦਾ ਰੌਂਦਾਂ ਸਮੇਤ ਫੜਨ 'ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਡੀ .ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਥਾਣੇਦਾਰ ਅਮਰਜੀਤ ਸਿੰਘ ਦੀ ਅਗਵਾਈ 'ਚ ਟਾਂਡਾ ਪੁਲਸ ਦੀ ਟੀਮ ਨੇ ਪੁਖਤਾ ਸੂਚਨਾ ਦੇ ਆਧਾਰ 'ਤੇ ਬਿਜਲੀ ਘਰ ਟੀ-ਪੁਆਇੰਟ 'ਤੇ ਨਾਕੇਬੰਦੀ ਦੌਰਾਨ ਇਕ ਚਿੱਟੇ ਰੰਗ ਦੀ ਆਈ-20 ਕਾਰ ਨੂੰ ਰੋਕਿਆ। ਤਲਾਸ਼ੀ ਲੈਣ ਦੌਰਾਨ ਕਾਰ ਚਲਾ ਰਹੇ ਵਿਅਕਤੀ ਕੋਲੋਂ 30 ਬੋਰ ਦਾ ਦੇਸੀ ਪਿਸਤੌਲ, ਦੋ ਮੈਗਜ਼ੀਨ ਅਤੇ ਛੇ ਜਿੰਦਾ ਰੌਂਦ ਬਰਾਮਦ ਹੋਏ। ਦੋਸ਼ੀ ਦੀ ਪਛਾਣ ਪ੍ਰਭਜੋਤ ਸਿੰਘ ਉਰਫ ਸੋਨੀ ਪੁੱਤਰ ਬਲਵੀਰ ਸਿੰਘ ਵਾਸੀ ਸਟਾਰ ਟਰੈਕਟਰ ਵਰਕਸ਼ਾਪ, ਡੀ. ਸੀ. ਰੋਡ, ਐੱਸ. ਡੀ. ਐੱਮ. ਚੌਕ ਨਜ਼ਦੀਕ ਨਵੀਂ ਤਹਿਸੀਲ ਹੁਸ਼ਿਆਰਪੁਰ ਥਾਣਾ ਸਿਟੀ ਹੁਸ਼ਿਆਰਪੁਰ ਵਜੋਂ ਹੋਈ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਇਰਾਦਾ ਕਤਲ, ਅਸਲਾ ਐਕਟ ਅਤੇ ਲੜਾਈ ਝਗੜੇ ਦੇ ਕਈ ਮਾਮਲੇ ਦਰਜ ਹਨ ਅਤੇ ਅਦਾਲਤ ਵੱਲੋਂ ਦੋਸ਼ੀ ਨੂੰ ਭਗੌੜਾ ਐਲਾਨ ਕੀਤਾ ਹੋਇਆ ਹੈ।

ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਹੁਸ਼ਿਆਰਪੁਰ 'ਚ ਦੋ ਮੁਕੱਦਮੇ ਅਤੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਇਕ ਮੁਕੱਦਮਾ ਦਰਜ ਹੈ, ਜਿਨ੍ਹਾਂ 'ਚ ਅਸਲਾ ਐਕਟ ਅਧੀਨ ਵੀ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

shivani attri

This news is Content Editor shivani attri