ਪੁਲਸ ਮੁਲਾਜ਼ਮ ਦੇ ਘਰ ''ਚ ਕੀਤੇ ਗਏ ਹਮਲੇ ਦੇ ਮਾਮਲੇ ''ਚ ਕਾਕੀ ਪਿੰਡ ਦਾ ਆਸ਼ੂ ਗ੍ਰਿਫਤਾਰ

12/07/2019 2:03:26 PM

ਜਲੰਧਰ (ਮਹੇਸ਼)— 25 ਸਤੰਬਰ ਦੀ ਰਾਤ ਨੂੰ ਕਾਕੀ ਪਿੰਡ ਰਾਮਾ ਮੰਡੀ ਵਿਚ ਰਾਜ ਕੁਮਾਰ ਨਾਂ ਦੇ ਰਿਟਾ. ਪੁਲਸ ਮੁਲਾਜ਼ਮ ਦੇ ਘਰ ਵਿਚ ਕੀਤੇ ਗਏ ਹਮਲੇ ਵਿਚ ਦਕੋਹਾ (ਨੰਗਲ ਸ਼ਾਮਾ) ਚੌਕ ਦੀ ਪੁਲਸ ਨੇ ਇਕ ਹੋਰ ਮੁਲਜ਼ਮ 22 ਸਾਲ ਦੇ ਅਰਸ਼ਦੀਪ ਸਿੰਘ ਆਸ਼ੂ ਉਰਫ ਹਰਸ਼ ਪੁੱਤਰ ਕਮਲਜੀਤ ਸਿੰਘ ਵਾਸੀ ਕਾਕੀ ਪਿੰਡ ਨੂੰ ਗ੍ਰਿਫਤਾਰ ਕੀਤਾ ਹੈ। ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਚੌਕੀ ਦਕੋਹਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਭਜਨ ਰਾਮ ਉਕਤ ਮਾਮਲੇ ਦੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਰਾਜਾ ਵਾਸੀ ਪਿੰਡ ਭੋਜੋਵਾਲ ਥਾਣਾ ਪਤਾਰਾ ਜਲੰਧਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੇ ਹਨ ਜੋ ਕਿ ਜੇਲ 'ਚ ਸਜ਼ਾ ਕੱਟ ਰਿਹਾ ਹੈ। 

ਦਕੋਹਾ ਚੌਕੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਉਸਨੂੰ ਘਰੋਂ ਫੜ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਹੈ। ਅਜੇ ਇਸ ਮਾਮਲੇ 'ਚ ਹੋਰ ਫਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ 'ਚ ਪੁਲਸ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਪੁਲਸ ਨੇ ਰਿਟਾ. ਪੁਲਸ ਮੁਲਾਜ਼ਮ ਦੇ ਬੇਟੇ ਰਵੀਕਮਲ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਰਾਮਾ ਮੰਡੀ 'ਚ ਮੁਲਜ਼ਮਾਂ 'ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ। ਰਾਜਾ ਭੋਜੋਵਾਲੀਆ ਨੇ ਆਪਣੇ ਸਾਥੀਆਂ ਸਮੇਤ ਪੁਲਸ ਮੁਲਾਜ਼ਮ ਦੇ ਘਰ 'ਚ ਦਾਖਲ ਹੋ ਕੇ ਉਸ ਦੇ ਬੇਟੇ ਤੇ ਬੇਟੀ ਤੋਂ ਇਲਾਵਾ ਇਕ ਹੋਰ ਰਿਸ਼ਤੇਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ।

shivani attri

This news is Content Editor shivani attri