315 ਬੋਰ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਣੇ ਸਕੂਟਰੀ ਸਵਾਰ ਨੌਜਵਾਨ ਗ੍ਰਿਫਤਾਰ

10/20/2019 5:50:43 PM

ਨਵਾਂਸ਼ਹਿਰ (ਤ੍ਰਿਪਾਠੀ)— ਸੀ. ਆਈ. ਏ. ਸਟਾਫ ਦੀ ਪੁਲਸ ਨੇ 315 ਬੋਰ ਦੀ ਪਿਸਤੌਲ, 5 ਜ਼ਿੰਦਾ ਕਾਰਤੂਸਾਂ ਅਤੇ ਨਕਦੀ ਸਣੇ ਸਕੂਟੀ ਸਵਾਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਏ. ਐੱਸ. ਆਈ. ਪਰਸ਼ੋਤਮ ਲਾਲ ਅਤੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਐੱਸ. ਐੱਸ. ਪੀ. ਅਲਕਾ ਮੀਨਾ ਵੱਲੋਂ ਜਾਰੀ ਕੀਤੇ ਗਏ ਵਿਸ਼ੇਸ਼ ਸੁਰੱਖਿਆ ਇੰਤਜ਼ਾਮਾਂ ਤਹਿਤ ਉਨ੍ਹਾਂ ਦੀ ਪੁਲਸ ਪਾਰਟੀ ਭੁਲੇਖਾ ਚੌਕ ਬਲਾਚੌਰ ਵਿਖੇ ਮੌਜੂਦ ਸੀ। ਇਸੇ ਦੌਰਾਨ ਪੁਲਸ ਦੇ ਇਕ ਮੁਖਬਰ ਨੇ ਇਤਲਾਹ ਦਿੱਤੀ ਕਿ ਅਮੀ ਚੰਦ ਉਰਫ ਅਮੀਆ ਅਤੇ ਦੀਪਕ ਕੁਮਾਰ ਉਰਫ ਕਾਕਾ ਕੋਲ ਨਾਜਾਇਜ਼ ਅਸਲਾ ਹੈ।

ਮੁਖਬਰ ਨੇ ਦੱਸਿਆ ਕਿ ਉਹ ਅਸਲਾ ਲੈ ਕੇ ਬਲਾਚੌਰ ਦੇ ਖੇਤਰ 'ਚ ਘੁੰਮਦੇ ਰਹਿੰਦੇ ਹਨ ਅਤੇ ਕਿਸੇ ਵੀ ਸਮੇਂ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਪਬਲਿਕ ਦਾ ਜਾਨੀ-ਮਾਲੀ ਨੁਕਸਾਨ ਕਰ ਸਕਦੇ ਹਨ। ਉਸ ਨੇ ਦੱਸਿਆ ਕਿ ਅੱਜ ਉਕਤ ਦੋਵੇਂ ਨੌਜਵਾਨ ਕਾਲੇ ਰੰਗ ਦੀ ਸਕੂਟੀ 'ਤੇ ਘੁੰਮ ਰਹੇ ਹਨ। ਜੇਕਰ ਵਿਸ਼ੇਸ਼ ਨਾਕਾ ਲਾਇਆ ਜਾਵੇ ਤਾਂ ਉਪਰੋਕਤ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਥਾਣੇਦਾਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਵਿਸ਼ੇਸ਼ ਨਾਕੇ 'ਤੇ ਪੁਲਸ ਨੇ ਅਮੀ ਚੰਦ ਉਰਫ ਅਮੀਆ ਪੁੱਤਰ ਮੇਹਰ ਚੰਦ ਨਿਵਾਸੀ ਕੰਗਨਾ ਬੇਟ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 315 ਬੋਰ ਦਾ 1 ਪਿਸਤੌਲ, 5 ਜ਼ਿੰਦਾ ਕਾਰਤੂਸ, ਸਕੂਟਰੀ, 220 ਰੁਪਏ ਨਕਦ ਅਤੇ 2 ਮੋਬਾਇਲ ਬਰਾਮਦ ਕੀਤੇ। ਥਾਣੇਦਾਰ ਨੇ ਦੱਸਿਆ ਕਿ ਪੁਲਸ ਨੇ ਅਮੀ ਚੰਦ ਖਿਲਾਫ ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ।

ਅਮੀ ਚੰਦ 'ਤੇ ਪਹਿਲਾਂ ਵੀ ਦਰਜ ਹੈ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ
ਏ. ਐੱਸ. ਆਈ. ਪਰਸ਼ੋਤਮ ਲਾਲ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਅਮੀ ਚੰਦ 'ਤੇ ਪਹਿਲਾਂ ਵੀ ਬਲਾਚੌਰ ਥਾਣੇ ਵਿਖੇ ਧਾਰਾ 307 ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਨੇ ਇਕ ਵਿਆਹ ਸਮਾਗਮ ਵਿਚ ਵੀ ਗੋਲੀ ਚਲਾਈ ਸੀ। ਉਨ੍ਹਾਂ ਆਖਿਆ ਕਿ ਗ੍ਰਿਫਤਾਰ ਨੌਜਵਾਨ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ ।

shivani attri

This news is Content Editor shivani attri