ਕਾਰ-ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਇਕ ਜ਼ਖਮੀ

01/17/2019 6:39:14 AM

ਭੋਗਪੁਰ,   (ਸੂਰੀ)-   ਭੋਗਪੁਰ ਸ਼ਹਿਰ ਦੇ ਵਾਰਡ ਡੱਲੀ ਨੇਡ਼ੇ ਕੌਮੀ ਸ਼ਾਹ ਮਾਰਗ ’ਤੇ ਬੁੱਧਵਾਰ ਸਵੇਰੇ ਵਾਪਰੇ ਸਡ਼ਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਮਾਰੂਤੀ ਜ਼ੈੱਨ ਕਾਰ ਨੰਬਰ ਐੱਚ ਆਰ 01 ਐੱਲ 1515 ਜਲੰਧਰ ਤੋਂ ਭੋਗਪੁਰ ਵੱਲ ਆ ਰਹੀ ਸੀ। ਜਦੋਂ ਕਾਰ ਚਾਲਕ ਭੋਗਪੁਰ ਨੇਡ਼ਲੇ ਪਿੰਡ ਡੱਲੀ ਚੌਕ ਨੇਡ਼ੇ ਪੁੱਜ ਕੇ ਅੱਗੇ ਜਾ ਰਹੇ ਟਰੱਕ ਨੂੰ ਸੱਜੇ ਪਾਸੇ ਦੀ ਬਜਾਏ ਖੱਬੇ ਪਾਸੇ ਤੋਂ ਓਵਰਟੇਕ ਕਰ ਰਿਹਾ ਸੀ ਤਾਂ ਭੋਗਪੁਰ ਵਲੋਂ ਉਲਟ ਦਿਸ਼ਾ ਤੋਂ ਗਲਤ ਸਾਈਡ ਆ ਰਹੇ ਇਕ ਮੋਟਰਸਾਈਕਲ ਨੰਬਰ ਪੀ ਬੀ 09 ਵੀ 1068 ਤੇ ਇਸ ਕਾਰ ਵਿਚਾਲੇ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਾਰ ਮੋਟਸਾਈਕਲ ਨਾਲ ਟਕਰਾਉਣ ਤੋਂ ਬਾਅਦ ਸਡ਼ਕ ਵਿਚਲਾ ਡਿਵਾਈਡਰ ਟੱਪ ਕੇ ਸਡ਼ਕ ਦੇ ਦੂਸਰੇ ਪਾਸੇ ਜਾ ਕੇ ਰੁਕੀ। ਮੋਟਰਸਾਈਕਲ ’ਤੇ ਸਵਾਰ 2 ਆਦਮੀ ਦਿਲਰਾਜ ਸਿੰਘ ਪੁੱਤਰ ਗੁਰਵੀਰ ਸਿੰਘ ਵਾਸੀ ਪਿੰਡ ਚੱਕ ਝੰਡੂ ਅਤੇ ਦੇਬੀ ਪੁੱਤਰ ਸਰਦੂਲ ਸਿੰਘ ਵਾਸੀ ਕਿੰਗਰਾ ਚੋਅ ਵਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਅਾਂ ਨੂੰ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਬੀ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਕਾਲਾ ਬੱਕਰਾ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 
ਜ਼ਖਮੀ ਦਿਲਰਾਜ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਜੋਸ਼ੀ ਪੁਲਸ ਪਾਰਟੀ ਨਾਲ ਹਾਦਸੇ ਵਾਲੀ ਥਾਂ ’ਤੇ ਪੁੱਜ ਗਏ ਅਤੇ ਹਾਦਸੇ ਵਿਚ ਨੁਕਸਾਨੀਅਾਂ ਗਈਆਂ ਗੱਡੀਆਂ ਨੂੰ ਪੁਲਸ ਵਲੋਂ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।