ਦੁਬਈ ਤੋਂ ਆਏ ਚਾਚੇ-ਭਤੀਜੇ ਵਿਚਕਾਰ ਹੋਏ ਝਗ਼ੜੇ ਵਿਚ ਇਕ ਜ਼ਖਮੀ, 2 ਕਾਰਾਂ ਦੀ ਕੀਤੀ ਤੋੜਭੰਨ

07/23/2020 6:06:26 PM

ਗੁਰਾਇਆ — ਨੇੜਲੇ ਪਿੰਡ ਬੀੜ ਬੰਸੀਆਂ ਦੇ ਵਿਦੇਸ਼ੋਂ ਪਰਤੇ ਨੌਜਵਾਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਕਿਹਾ-ਸੁਣੀ ਹੋ ਗਈ ਅਤੇ ਮਾਮਲਾ ਇੰਨਾ ਜ਼ਿਆਦਾ ਵਿਗੜ ਗਿਆ ਕਿ ਗੱਲ ਹੱਥੋ-ਪਾਈ ਤੱਕ ਜਾ ਪਹੁੰਚ ਗਈ। ਝਗੜੇ ਦੌਰਾਨ ਦੋਵਾਂ ਦੀਆਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਚ. ਓ . ਗੁਰਾਇਆ ਕੇਵਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਵਾਲੇ ਸਥਾਨ ਤੋਂ 3 ਲੋਕਾਂ ਨੂੰ ਥਾਣੇ ਲੈ ਆਏ ਜਦੋਂਕਿ ਇਕ ਨੌਜਵਾਨ ਸੀ. ਐੱਚ. ਸੀ. ਬੜਾ ਪਿੰਡ ਵਿਚ ਜ਼ੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਐੱਚ. ਸੀ. ਬੜਾ ਪਿੰਡ ਵਿਚ ਇਲਾਜ ਅਧੀਨ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਬੀੜ ਬੰਸੀਆਂ ਨੇ ਦੱਸਿਆ ਕਿ ਉਹ ਦੁਬਈ ਤੋਂ ਮਾਰਚ ਮਹੀਨੇ ਵਿਚ, ਵਿਆਹ ਕਰਵਾਉਣ ਲਈ ਆਇਆ ਸੀ। ਸ਼ਾਮ ਨੂੰ ਉਹ ਆਪਣੇ ਪਿਤਾ ਦੇ ਨਾਲ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ ਤਾਂ ਪਿੱਛਿਓਂ ਇਕ ਗੱਡੀ ਸਵਾਰ ਨੇ ਸਿੱਧਾ ਉਨ੍ਹਾਂ ਦੀ ਗੱਡੀ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਸਵਾਰ ਜਦ ਗੱਡੀ ਵਿਚੋਂ ਉਤਰੇ ਤਾਂ ਉਨ੍ਹਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਕਾਰ ਦੀ ਫਿਰ ਤੋਂ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਵੀ ਗੱਡੀ ਨੂੰ ਉਨ੍ਹਾਂ ਨੇ ਨੁਕਸਾਨ ਪਹੁੰਚਾਇਆ। ਜੋ ਉਨ੍ਹਾਂ ਦੇ ਕੋਲ ਵੀਡੀਓ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਝਗੜੇ ਵਿਚ ਉਹ ਜਖ਼ਮੀ ਹੋ ਗਿਆ। ਜਿਸਨੂੰ ਪਿੰਡ ਵਾਸੀ ਹਸਪਤਾਲ ਲੈ ਕੇ ਆਏ ਹਨ।

ਉਧਰ ਦੂਜੇ ਪਾਸੇ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਵੀ ਦੁਬਈ ਤੋਂ ਆਇਆ ਹੋਇਆ ਹੈ। ਬਲਵਿੰਦਰ ਉਨ੍ਹਾਂ ਦਾ ਰਿਸ਼ਤੇ ਵਿਚ ਭਤੀਜਾ ਹੀ ਹੈ। ਗੁਰਦੀਪ ਨੇ ਕਿਹਾ ਕਿ ਉਨ੍ਹਾਂ ਦਾ ਛੋਟਾ ਭਰਾ ਕਾਰ ਲੈ ਕੇ ਆ ਰਿਹਾ ਸੀ, ਜਿਸਦੀ ਗੱਡੀ ਦਾ ਟਾਇਰ ਨਾਲੀ ਵਿਚ ਪੈ ਗਿਆ, ਜਿਸਨੇ ਜਦ ਗੱਡੀ ਨੂੰ ਰੇਸ ਦੇ ਕੇ ਬਾਹਰ ਕੱਢਿਆ ਤਾਂ ਗੱਡੀ ਬੇਕਾਬੂ ਹੋ ਕੇ ਪਿੱਛਿਓਂ ਬਲਵਿੰਦਰ ਦੀ ਕਾਰ ਨਾਲ ਜਾ ਟਕਰਾਈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਹੀ ਸੀ, ਜੋ ਬਾਅਦ ਵਿਚ ਮੌਕੇ ’ਤੇ ਆਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ । ਗਲੀ ਵਿਚ ਕਿਸੇ ਘਰ ਦੀ ਰਿਪੇਅਰ ਦਾ ਕੰਮ ਚਲ ਰਿਹਾ ਸੀ ਅਤੇ ਰਾਹ ਵਿਚ ਹੀ ਉਨ੍ਹਾਂ ਦੀ ਇਕ ਪਾਸੇ ਕਾਰ ਖ਼ੜੀ ਸੀ ਦੂਜੇ ਪਾਸੇ ਲਕੜੀ ਦਾ ਬਾਂਸ ਲੱਗਾ ਹੋਇਆ ਸੀ।

ਇਸ ਸੰਬੰਧੀ ਗੁਰਾਇਆ ਪੁਲਸ ਨੇ ਕਿਹਾ ਕਿ ਬਲਵਿੰਦਰ ਸਿੰਘ ਦੀ ਐੱਮ. ਐੱਲ. ਆਰ. ਰਿਪੋਰਟ ਆ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


Harinder Kaur

Content Editor

Related News